ਚੰਡੀਗੜ੍ਹ :- ਐਤਵਾਰ ਨੂੰ ਦਿੱਲੀ ਵਿੱਚ ਪਈ ਸੰਘਣੀ ਧੁੰਦ ਨੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਘੱਟ ਦ੍ਰਿਸ਼ਟੀ ਦੀ ਸਥਿਤੀ ਬਣਨ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੁੱਲ 97 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
48 ਆਗਮਨ ਤੇ 49 ਰਵਾਨਗੀਆਂ ਰੱਦ
ਹਵਾਈ ਅੱਡੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ 48 ਆਗਮਨ ਅਤੇ 49 ਰਵਾਨਗੀ ਸ਼ਾਮਲ ਹਨ। ਧੁੰਦ ਕਾਰਨ ਰਨਵੇ ’ਤੇ ਵਿਜ਼ੀਬਿਲਟੀ ਘੱਟ ਹੋਣ ਨਾਲ ਉਡਾਣਾਂ ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ਼ ਸੰਭਵ ਨਾ ਰਹੀ।
200 ਤੋਂ ਵੱਧ ਉਡਾਣਾਂ ਦੇਰੀ ਨਾਲ
ਫਲਾਈਟ ਟਰੈਕਿੰਗ ਵੈੱਬਸਾਈਟ Flightradar24 ਤੋਂ ਮਿਲੀ ਜਾਣਕਾਰੀ ਮੁਤਾਬਕ 200 ਤੋਂ ਵੱਧ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲੀਆਂ। ਰਵਾਨਗੀ ਲਈ ਉਡਾਣਾਂ ਦਾ ਔਸਤ ਦੇਰੀ ਸਮਾਂ ਕਰੀਬ 23 ਮਿੰਟ ਦਰਜ ਕੀਤਾ ਗਿਆ।
DIAL ਵੱਲੋਂ ਸਥਿਤੀ ’ਤੇ ਨਜ਼ਰ
ਦਿੱਲੀ ਹਵਾਈ ਅੱਡੇ ਦੇ ਆਪਰੇਟਰ DIAL ਨੇ ਦੁਪਹਿਰ ਸਮੇਂ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਾਲਾਤਾਂ ਦੇ ਬਾਵਜੂਦ ਹਵਾਈ ਅੱਡੇ ’ਤੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ IGIA ਦੇਸ਼ ਦਾ ਸਭ ਤੋਂ ਵਿਆਸਤ ਹਵਾਈ ਅੱਡਾ ਹੈ, ਜਿੱਥੇ ਆਮ ਦਿਨਾਂ ਵਿੱਚ ਲਗਭਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ।
ਕਈ ਦਿਨਾਂ ਤੋਂ ਜਾਰੀ ਹੈ ਪ੍ਰਭਾਵ
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਉੱਤਰੀ ਭਾਰਤ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਦਿੱਲੀ ਸਮੇਤ ਹੋਰ ਕਈ ਹਵਾਈ ਅੱਡਿਆਂ ’ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਯਾਤਰੀਆਂ ਦੀ ਪਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ।

