ਚੰਡੀਗੜ੍ਹ :- ਸਰੀਰ ਅਕਸਰ ਬਿਮਾਰੀ ਆਉਣ ਤੋਂ ਕਾਫ਼ੀ ਪਹਿਲਾਂ ਹੀ ਇਸ਼ਾਰੇ ਦੇਣਾ ਸ਼ੁਰੂ ਕਰ ਦਿੰਦਾ ਹੈ, ਪਰ ਅਸੀਂ ਉਨ੍ਹਾਂ ਨੂੰ ਆਮ ਗੱਲ ਸਮਝ ਕੇ ਟਾਲ ਦਿੰਦੇ ਹਾਂ। ਧੌਣ ਜਾਂ ਗਰਦਨ ਦੀ ਚਮੜੀ ‘ਚ ਆਉਣ ਵਾਲੇ ਕੁਝ ਅਚਾਨਕ ਬਦਲਾਅ ਵੀ ਅਜਿਹੇ ਹੀ ਸੰਕੇਤ ਹਨ, ਜੋ ਸਿਰਫ਼ ਚਮੜੀ ਦੀ ਸਮੱਸਿਆ ਨਹੀਂ, ਸਗੋਂ ਲਿਵਰ ਦੀ ਅੰਦਰੂਨੀ ਹਾਲਤ ਬਾਰੇ ਚੇਤਾਵਨੀ ਹੋ ਸਕਦੇ ਹਨ। ਡਾਕਟਰੀ ਮਾਹਿਰਾਂ ਮੁਤਾਬਕ, ਜੇ ਇਹ ਲੱਛਣ ਸਮੇਂ ‘ਤੇ ਪਛਾਣ ਲਏ ਜਾਣ, ਤਾਂ ਵੱਡੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਧੌਣ ‘ਤੇ ਨਜ਼ਰ ਆਉਂਦੇ ਬਦਲਾਅ ਕਿਉਂ ਹਨ ਚਿੰਤਾ ਦੀ ਗੱਲ
ਲਿਵਰ ਸਰੀਰ ਦਾ ਉਹ ਅੰਗ ਹੈ ਜੋ ਖੂਨ ਨੂੰ ਸਾਫ਼ ਕਰਨ, ਚਰਬੀ ਪਚਾਉਣ ਅਤੇ ਜ਼ਹਿਰੀਲੇ ਤੱਤ ਬਾਹਰ ਕੱਢਣ ਦਾ ਕੰਮ ਕਰਦਾ ਹੈ। ਜਦੋਂ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਇਸ ਦਾ ਅਸਰ ਸਭ ਤੋਂ ਪਹਿਲਾਂ ਚਮੜੀ ‘ਤੇ ਦਿਖਾਈ ਦੇਣ ਲੱਗਦਾ ਹੈ, ਖ਼ਾਸ ਕਰਕੇ ਗਰਦਨ ਵਰਗੇ ਹਿੱਸਿਆਂ ‘ਤੇ।
ਸੰਕੇਤ ਨੰਬਰ 1: ਗਰਦਨ ਦਾ ਰੰਗ ਅਚਾਨਕ ਗੂੜ੍ਹਾ ਹੋਣਾ
ਜੇ ਧੌਣ ਦਾ ਰੰਗ ਹੌਲੀ-ਹੌਲੀ ਭੂਰਾ ਜਾਂ ਕਾਲਾ ਹੋਣ ਲੱਗੇ ਅਤੇ ਚਮੜੀ ਮੋਟੀ ਜਾਂ ਮਖਮਲੀ ਜਿਹੀ ਲੱਗੇ, ਤਾਂ ਇਹ ਸਿਰਫ਼ ਮੈਲ ਨਹੀਂ ਹੁੰਦਾ। ਮਾਹਿਰਾਂ ਅਨੁਸਾਰ, ਇਹ ਇਨਸੁਲਿਨ ਰੇਜ਼ਿਸਟੈਂਸ ਜਾਂ ਫੈਟੀ ਲਿਵਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ। ਮੋਟਾਪੇ ਜਾਂ ਸ਼ੂਗਰ ਨਾਲ ਪੀੜਤ ਲੋਕਾਂ ਵਿੱਚ ਇਹ ਲੱਛਣ ਵੱਧ ਦੇਖਿਆ ਜਾਂਦਾ ਹੈ।
ਸੰਕੇਤ ਨੰਬਰ 2: ਗਰਦਨ ‘ਚ ਬਿਨਾਂ ਕਾਰਨ ਖਾਰਸ਼
ਜੇ ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ ‘ਚ ਬਿਨਾਂ ਕਿਸੇ ਐਲਰਜੀ ਦੇ ਤੇਜ਼ ਖਾਰਸ਼ ਮਹਿਸੂਸ ਹੋਵੇ, ਤਾਂ ਇਹ ਲਿਵਰ ਨਾਲ ਜੁੜੀ ਸਮੱਸਿਆ ਵੱਲ ਇਸ਼ਾਰਾ ਕਰ ਸਕਦੀ ਹੈ। ਜਦੋਂ ਪਿੱਤ ਦੀ ਨਿਕਾਸੀ ਠੀਕ ਤਰ੍ਹਾਂ ਨਹੀਂ ਹੁੰਦੀ, ਤਾਂ ਬਾਈਲ ਸਾਲਟ ਸਰੀਰ ‘ਚ ਇਕੱਠੇ ਹੋ ਕੇ ਚਮੜੀ ‘ਚ ਖਾਰਸ਼ ਪੈਦਾ ਕਰਦੇ ਹਨ।
ਸੰਕੇਤ ਨੰਬਰ 3: ਧੌਣ ‘ਤੇ ਪੀਲਾਪਨ
ਪੀਲੀਆ ਆਮ ਤੌਰ ‘ਤੇ ਅੱਖਾਂ ਜਾਂ ਚਿਹਰੇ ਨਾਲ ਜੋੜਿਆ ਜਾਂਦਾ ਹੈ, ਪਰ ਕਈ ਵਾਰ ਇਸ ਦਾ ਅਸਰ ਗਰਦਨ ਦੀ ਚਮੜੀ ‘ਤੇ ਵੀ ਦਿਖਾਈ ਦੇ ਸਕਦਾ ਹੈ। ਇਹ ਲਿਵਰ ਦੀ ਗੰਭੀਰ ਖਰਾਬੀ ਦਾ ਸੰਕੇਤ ਹੁੰਦਾ ਹੈ, ਜਿਸਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
ਸੰਕੇਤ ਨੰਬਰ 4: ਸਰੀਰ ‘ਚ ਥਕਾਵਟ ਅਤੇ ਸੱਜੇ ਪਾਸੇ ਭਾਰੀਪਨ
ਧੌਣ ‘ਤੇ ਨਿਸ਼ਾਨਾਂ ਦੇ ਨਾਲ ਜੇ ਢਿੱਡ ਦੇ ਸੱਜੇ ਹਿੱਸੇ ‘ਚ ਭਾਰੀਪਨ, ਦਰਦ, ਭੁੱਖ ਘੱਟ ਲੱਗਣਾ, ਹਮੇਸ਼ਾਂ ਥਕਾਵਟ ਰਹਿਣਾ ਜਾਂ ਵਜ਼ਨ ਅਚਾਨਕ ਘਟਣਾ-ਵਧਣਾ ਮਹਿਸੂਸ ਹੋਵੇ, ਤਾਂ ਇਹ ਲਿਵਰ ਦੀ ਬੀਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਅਜਿਹੀ ਹਾਲਤ ‘ਚ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।
ਇਹ ਆਮ ਗਲਤੀਆਂ ਲਿਵਰ ਨੂੰ ਚੁੱਪਚਾਪ ਨੁਕਸਾਨ ਪਹੁੰਚਾਉਂਦੀਆਂ ਹਨ
ਮਾਹਿਰ ਦੱਸਦੇ ਹਨ ਕਿ ਰੋਜ਼ਾਨਾ ਜੀਵਨ ਦੀਆਂ ਕੁਝ ਆਦਤਾਂ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀਆਂ ਹਨ। ਸ਼ਰਾਬ ਦਾ ਸੇਵਨ, ਵਧਦਾ ਵਜ਼ਨ, ਤਲਿਆ-ਭੁੰਨਿਆ ਤੇ ਜੰਕ ਫੂਡ, ਪੂਰੀ ਨੀਂਦ ਨਾ ਲੈਣਾ ਅਤੇ ਸਰੀਰਕ ਸਰਗਰਮੀ ਦੀ ਕਮੀ ਲਿਵਰ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦੇ ਹਨ।
ਲਿਵਰ ਦੀ ਸੁਰੱਖਿਆ ਲਈ ਕੀ ਕਰਨਾ ਜ਼ਰੂਰੀ
ਲਿਵਰ ਨੂੰ ਸਿਹਤਮੰਦ ਰੱਖਣ ਲਈ ਸਾਦਾ ਅਤੇ ਸੰਤੁਲਿਤ ਭੋਜਨ ਸਭ ਤੋਂ ਵੱਡੀ ਦਵਾਈ ਹੈ। ਹਰੀਆਂ ਸਬਜ਼ੀਆਂ, ਫਾਈਬਰ ਨਾਲ ਭਰਪੂਰ ਖੁਰਾਕ, ਪ੍ਰੋਟੀਨ ਯੁਕਤ ਭੋਜਨ ਅਤੇ ਪੂਰਾ ਪਾਣੀ ਪੀਣਾ ਲਾਭਦਾਇਕ ਮੰਨਿਆ ਜਾਂਦਾ ਹੈ। ਵਜ਼ਨ ਕਾਬੂ ‘ਚ ਰੱਖਣਾ, ਸ਼ਰਾਬ ਤੋਂ ਦੂਰੀ ਬਣਾਉਣਾ ਅਤੇ ਸਮੇਂ-ਸਮੇਂ ‘ਤੇ ਲਿਵਰ ਫੰਕਸ਼ਨ ਟੈਸਟ ਕਰਵਾਉਣਾ ਵੀ ਮਾਹਿਰਾਂ ਵੱਲੋਂ ਸਲਾਹਿਆ ਜਾਂਦਾ ਹੈ।
ਸਾਵਧਾਨੀ ਹੀ ਸੁਰੱਖਿਆ ਹੈ।
ਜੇ ਧੌਣ ‘ਤੇ ਦਿਖਣ ਵਾਲੇ ਇਹ ਸੰਕੇਤ ਸਮੇਂ ‘ਤੇ ਸਮਝ ਲਏ ਜਾਣ, ਤਾਂ ਲਿਵਰ ਦੀ ਵੱਡੀ ਬੀਮਾਰੀ ਤੋਂ ਪਹਿਲਾਂ ਹੀ ਰਾਹ ਰੋਕਿਆ ਜਾ ਸਕਦਾ ਹੈ।

