ਚੰਡੀਗੜ੍ਹ :- ਅਕਸਰ ਲੋਕ ਵੇਹਲੇ ਸਮੇਂ ਨਹੁੰ ਚਬਾਉਣਾ, ਕੰਮ ਨੂੰ ਟਾਲਣਾ, ਵਾਲ ਖਿੱਚਣਾ ਜਾਂ ਮੋਬਾਈਲ ਨਾਲ ਬੇਹਦ ਜੁੜੇ ਰਹਿਣ ਨੂੰ ਆਪਣੀ ਬੁਰੀ ਆਦਤ ਜਾਂ ਕਮਜ਼ੋਰੀ ਮੰਨ ਲੈਂਦੇ ਹਨ। ਪਰ ਮਨੋਵਿਗਿਆਨਕ ਮਾਹਿਰਾਂ ਮੁਤਾਬਕ, ਇਹ ਆਦਤਾਂ ਸਧਾਰਣ ਨਹੀਂ ਹੁੰਦੀਆਂ, ਸਗੋਂ ਦਿਮਾਗ ਦੇ ਅੰਦਰ ਚੱਲ ਰਹੇ ਤਣਾਅ, ਡਰ ਜਾਂ ਅਸੁਰੱਖਿਆ ਦੀ ਖਾਮੋਸ਼ ਚੀਖ ਹੁੰਦੀਆਂ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਦਿਮਾਗ ਆਪਣੇ ਆਪ ਨੂੰ ਖਤਰੇ ਵਿੱਚ ਮਹਿਸੂਸ ਕਰਦਾ ਹੈ ਅਤੇ ਸਰੀਰ ਨੂੰ ਚੌਕਸ ਹਾਲਤ ਵਿੱਚ ਲੈ ਜਾਂਦਾ ਹੈ।
ਦਿਮਾਗ ਕਦੋਂ ਜਾਂਦਾ ਹੈ ‘ਅਲਰਟ ਮੋਡ’ ਵਿੱਚ
ਦਿਮਾਗ ਦਾ ਇੱਕ ਅਹਿਮ ਹਿੱਸਾ, ਜਿਸਨੂੰ ਐਮਿਗਡਾਲਾ ਕਿਹਾ ਜਾਂਦਾ ਹੈ, ਖਤਰੇ ਅਤੇ ਡਰ ਦੀ ਪਛਾਣ ਕਰਨ ਦਾ ਕੰਮ ਕਰਦਾ ਹੈ। ਜਿਵੇਂ ਹੀ ਦਬਾਅ, ਡਰ ਜਾਂ ਅਣਸ਼ਚਿਤਤਾ ਮਹਿਸੂਸ ਹੁੰਦੀ ਹੈ, ਦਿਮਾਗ ‘ਲੜੋ ਜਾਂ ਬਚੋ’ ਵਾਲੀ ਹਾਲਤ ਵਿੱਚ ਚਲਾ ਜਾਂਦਾ ਹੈ। ਇਸ ਹਾਲਤ ਵਿੱਚ ਸੋਚ-ਵਿਚਾਰ ਦੀ ਥਾਂ ਤੁਰੰਤ ਰਾਹਤ ਦੇਣ ਵਾਲੀਆਂ ਆਦਤਾਂ ਹਾਵੀ ਹੋ ਜਾਂਦੀਆਂ ਹਨ। ਨਹੁੰ ਚਬਾਉਣਾ, ਵਾਰ-ਵਾਰ ਫ਼ੋਨ ਚੈਕ ਕਰਨਾ ਜਾਂ ਕੰਮ ਤੋਂ ਭੱਜਣਾ ਦਿਮਾਗ ਦੀ ਉਹ ਕੋਸ਼ਿਸ਼ ਹੁੰਦੀ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਸੁਕੂਨ ਦੇਣਾ ਚਾਹੁੰਦਾ ਹੈ।
ਨਹੁੰ ਚਬਾਉਣਾ ਕਿਹੜੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ
ਮਾਹਿਰਾਂ ਅਨੁਸਾਰ, ਨਹੁੰ ਚਬਾਉਣ ਦੀ ਆਦਤ ਅਕਸਰ ਅੰਦਰੂਨੀ ਚਿੰਤਾ ਅਤੇ ਬੇਚੈਨੀ ਨਾਲ ਜੁੜੀ ਹੁੰਦੀ ਹੈ। ਇਹ ਆਦਤ ਦਿਮਾਗ ਨੂੰ ਕੁਝ ਪਲਾਂ ਲਈ ਸਹੂਲਤ ਤਾਂ ਦਿੰਦੀ ਹੈ, ਪਰ ਸਮੇਂ ਨਾਲ ਇਹ ਆਦਤ ਬਣ ਕੇ ਵਿਹਾਰ ਦਾ ਹਿੱਸਾ ਬਣ ਜਾਂਦੀ ਹੈ। ਇਸੇ ਤਰ੍ਹਾਂ, ਜਦੋਂ ਦਿਮਾਗ ਕਿਸੇ ਕੰਮ ਨੂੰ ਬਹੁਤ ਵੱਡਾ, ਔਖਾ ਜਾਂ ਖਤਰਨਾਕ ਸਮਝਣ ਲੱਗ ਪੈਂਦਾ ਹੈ, ਤਾਂ ਉਹ ਉਸਨੂੰ ਟਾਲਣ ਲੱਗਦਾ ਹੈ। ਇਹ ਆਲਸ ਨਹੀਂ, ਸਗੋਂ ਮਨੋਵਿਗਿਆਨਕ ਬਚਾਅ ਦੀ ਪ੍ਰਤੀਕਿਰਿਆ ਹੁੰਦੀ ਹੈ।
ਆਦਤਾਂ ਦੇ ਪਿੱਛੇ ਛੁਪਿਆ ਮਨੋਵਿਗਿਆਨ
ਮਨੋਵਿਗਿਆਨਕ ਅਧਿਐਨਾਂ ਮੁਤਾਬਕ, ਐਸੀ ਆਦਤਾਂ ਦੱਸਦੀਆਂ ਹਨ ਕਿ ਵਿਅਕਤੀ ਅੰਦਰੋਂ ਕਿਸੇ ਨਾ ਕਿਸੇ ਦਬਾਅ ਨਾਲ ਜੂਝ ਰਿਹਾ ਹੈ। ਕਈ ਵਾਰ ਇਹ ਦਬਾਅ ਕੰਮ, ਰਿਸ਼ਤਿਆਂ, ਭਵਿੱਖ ਦੀ ਚਿੰਤਾ ਜਾਂ ਆਪਣੇ ਆਪ ਤੋਂ ਉਮੀਦਾਂ ਕਾਰਨ ਪੈਦਾ ਹੁੰਦਾ ਹੈ। ਦਿਮਾਗ ਇਸ ਦਬਾਅ ਨੂੰ ਘਟਾਉਣ ਲਈ ਛੋਟੀਆਂ-ਛੋਟੀਆਂ ਆਦਤਾਂ ਦਾ ਸਹਾਰਾ ਲੈਂਦਾ ਹੈ, ਜੋ ਬਾਹਰੋਂ ਅਜੀਬ ਜਾਂ ਗਲਤ ਲੱਗ ਸਕਦੀਆਂ ਹਨ।
ਇਨ੍ਹਾਂ ਆਦਤਾਂ ‘ਤੇ ਕਿਵੇਂ ਪਾਈ ਜਾ ਸਕਦੀ ਹੈ ਰੋਕ
ਮਾਹਿਰ ਸਲਾਹ ਦਿੰਦੇ ਹਨ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਆਦਤਾਂ ਕਿਸ ਵੇਲੇ ਅਤੇ ਕਿਹੜੀ ਸਥਿਤੀ ਵਿੱਚ ਵਧਦੀਆਂ ਹਨ।
ਗਹਿਰਾ ਸਾਹ ਲੈਣਾ, ਮਾਈਂਡਫੁਲਨੈੱਸ ਅਭਿਆਸ ਜਾਂ ਹਲਕੀ ਫਿਜ਼ੀਕਲ ਐਕਟਿਵਟੀ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਵੱਡੇ ਕੰਮਾਂ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਕੇ ਕਰਨ ਨਾਲ ਦਿਮਾਗ ‘ਤੇ ਪੈਣ ਵਾਲਾ ਦਬਾਅ ਘਟਦਾ ਹੈ।
ਸਭ ਤੋਂ ਅਹਿਮ ਗੱਲ, ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਆਪਣੀ ਮਨੋਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਕਮਜ਼ੋਰੀ ਨਹੀਂ, ਚੇਤਾਵਨੀ ਹੈ ਇਹ ਆਦਤ
ਮਾਹਿਰਾਂ ਦਾ ਕਹਿਣਾ ਹੈ ਕਿ ਨਹੁੰ ਚਬਾਉਣਾ ਜਾਂ ਟਾਲਮਟੋਲ ਕਰਨਾ ਕੋਈ ਛੋਟੀ ਗੱਲ ਨਹੀਂ। ਇਹ ਸੰਕੇਤ ਹੁੰਦਾ ਹੈ ਕਿ ਦਿਮਾਗ ਕਿਸੇ ਤਣਾਅ ਜਾਂ ਅੰਦਰੂਨੀ ਖਤਰੇ ਨਾਲ ਜੂਝ ਰਿਹਾ ਹੈ। ਸਮੇਂ ‘ਤੇ ਇਸਨੂੰ ਸਮਝ ਲਿਆ ਜਾਵੇ, ਤਾਂ ਨਾ ਸਿਰਫ਼ ਇਹ ਆਦਤਾਂ ਛੁਟ ਸਕਦੀਆਂ ਹਨ, ਸਗੋਂ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।

