ਨਵੀਂ ਦਿੱਲੀ :- ਭਾਰਤੀ ਕ੍ਰਿਕਟ ਟੀਮ ਦੇ ਦੋ ਮਹੱਤਵਪੂਰਨ ਸਿਤਾਰੇ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਸ਼ਾਇਦ 2027 ਦੇ ਵਨਡੇ ਵਿਸ਼ਵ ਕੱਪ ਵਿੱਚ ਨਾ ਖੇਡਣ। ਬੀਸੀਸੀਆਈ ਦੇ ਤਾਜ਼ਾ ਫੈਸਲਿਆਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਆਸਟ੍ਰੇਲੀਆ ਵਿਰੁੱਧ ਆਉਣ ਵਾਲੀ ਵਨਡੇ ਸੀਰੀਜ਼ ਉਨ੍ਹਾਂ ਦੇ ਕਰੀਅਰ ਦਾ ਆਖਰੀ ਅਧਿਆਇ ਹੋ ਸਕਦੀ ਹੈ।
ਆਸਟ੍ਰੇਲੀਆ ‘ਚ ਮੁਕ ਸਕਦਾ ਹੈ ਰੋਹਿਤ-ਵਿਰਾਟ ਦਾ ਵਨਡੇ ਸਫ਼ਰ
ਡੇਢ ਦਹਾਕੇ ਤੋਂ ਟੀਮ ਇੰਡੀਆ ਦੀ ਰੀੜ੍ਹ ਦੀ ਹੱਡੀ ਰਹੀ ਇਹ ਜੋੜੀ ਪਿਛਲੇ ਦਿਨਾਂ ਦੁਬਈ ਵਿੱਚ ਹੋਈ ਚੈਂਪੀਅਨਜ਼ ਟਰਾਫੀ ਜਿੱਤਣ ਵਿੱਚ ਵੀ ਕੇਂਦਰੀ ਭੂਮਿਕਾ ਨਿਭਾ ਚੁੱਕੀ ਹੈ। ਉਸ ਤੋਂ ਬਾਅਦ ਭਾਰਤ ਨੇ ਕੋਈ ਵਨਡੇ ਸੀਰੀਜ਼ ਨਹੀਂ ਖੇਡੀ। ਬੋਰਡ ਦੇ ਅੰਦਰੂਨੀ ਸਰੋਤਾਂ ਅਨੁਸਾਰ, ਜੇ ਦੋਵੇਂ ਖਿਡਾਰੀ ਆਪਣੇ ਕਰੀਅਰ ਦਾ ਅੰਤ ਇਕੱਠੇ ਕਰਨਾ ਚਾਹੁੰਦੇ ਹਨ, ਤਾਂ ਆਸਟ੍ਰੇਲੀਆ ਦੌਰਾ ਇੱਕ ਯਾਦਗਾਰ ਮੌਕਾ ਹੋਵੇਗਾ।
ਵਨਡੇ ਸੀਰੀਜ਼ ਦਾ ਸ਼ਡਿਊਲ
ਪਹਿਲਾ ਵਨਡੇ – ਪਰਥ, 19 ਅਕਤੂਬਰ
ਦੂਜਾ ਵਨਡੇ – ਐਡੀਲੇਡ, 23 ਅਕਤੂਬਰ
ਤੀਜਾ ਵਨਡੇ – ਸਿਡਨੀ, 25 ਅਕਤੂਬਰ
ਬੀਸੀਸੀਆਈ ਦੀ ਨਵੀਂ ਪਾਲਿਸੀ
ਜੇਕਰ ਰੋਹਿਤ ਅਤੇ ਵਿਰਾਟ ਆਸਟ੍ਰੇਲੀਆ ਦੌਰੇ ਤੋਂ ਬਾਅਦ ਵੀ ਵਨਡੇ ਫਾਰਮੈਟ ਵਿੱਚ ਖੇਡਣ ਦੀ ਇੱਛਾ ਰੱਖਦੇ ਹਨ, ਤਾਂ ਉਨ੍ਹਾਂ ਨੂੰ ਦਸੰਬਰ ਵਿੱਚ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣੇ ਘਰੇਲੂ ਰਾਜ ਲਈ ਖੇਡਣਾ ਪਵੇਗਾ। ਇਹ ਉਹੀ ਨੀਤੀ ਹੈ ਜਿਸ ਦੇ ਤਹਿਤ ਪਿਛਲੇ ਸੀਜ਼ਨ ਵਿੱਚ ਦੋਵੇਂ ਸਿਤਾਰਿਆਂ ਨੂੰ ਰਣਜੀ ਟਰਾਫੀ ਮੈਚ ਖੇਡਣੇ ਪਏ ਸਨ।
ਨਵੀਂ ਸੋਚ ਵਾਲਾ ਟੀਮ ਪ੍ਰਬੰਧਨ
ਮੁੱਖ ਕੋਚ ਗੌਤਮ ਗੰਭੀਰ ਅਤੇ ਚੀਫ਼ ਸਿਲੈਕਟਰ ਅਜੀਤ ਅਗਰਕਰ ਟੀਮ ਵਿੱਚੋਂ “ਸਟਾਰ ਕਲਚਰ” ਨੂੰ ਘਟਾਉਣ ਦੇ ਹੱਕ ਵਿੱਚ ਹਨ। ਉਨ੍ਹਾਂ ਦੇ ਅਨੁਸਾਰ, 2027 ਵਿਸ਼ਵ ਕੱਪ ਦੀ ਯੋਜਨਾਬੰਦੀ ਵਿੱਚ ਨਵੀਂ ਪੀੜ੍ਹੀ ਨੂੰ ਮੌਕਾ ਦੇਣਾ ਜ਼ਰੂਰੀ ਹੈ। ਵਿਰਾਟ ਕੋਹਲੀ 2011 ਤੋਂ ਲੈ ਕੇ ਹੁਣ ਤੱਕ ਚਾਰ ਵਨਡੇ ਵਿਸ਼ਵ ਕੱਪ ਖੇਡ ਚੁੱਕੇ ਹਨ, ਜਦੋਂ ਕਿ ਰੋਹਿਤ ਸ਼ਰਮਾ 2015, 2019 ਅਤੇ 2023 ਟੂਰਨਾਮੈਂਟਾਂ ਵਿੱਚ ਟੀਮ ਦਾ ਹਿੱਸਾ ਰਹੇ ਹਨ।