ਅਸਾਮ :- ਅਸਾਮ ਦੇ ਹੋਜਾਈ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ ਵਾਪਰਿਆ, ਜਿਸ ਨੇ ਸਾਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਲੁਮਡਿੰਗ ਡਿਵੀਜ਼ਨ ਅਧੀਨ ਪੈਂਦੇ ਜਮੁਨਾਮੁਖ–ਕਾਮਪੁਰ ਰੇਲ ਸੈਕਸ਼ਨ ‘ਤੇ ਸੈਰੰਗ–ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਜੰਗਲੀ ਹਾਥੀਆਂ ਦੇ ਇੱਕ ਵੱਡੇ ਝੁੰਡ ਨਾਲ ਟਕਰਾ ਗਈ।
ਇੰਜਣ ਸਮੇਤ ਪੰਜ ਡੱਬੇ ਪੱਟੜੀ ਤੋਂ ਉਤਰੇ
ਰੇਲਵੇ ਅਧਿਕਾਰੀਆਂ ਮੁਤਾਬਕ, ਇਹ ਭਿਆਨਕ ਟੱਕਰ ਸਵੇਰੇ ਕਰੀਬ 2 ਵਜੇ ਤੋਂ ਕੁਝ ਬਾਅਦ ਵਾਪਰੀ। ਟੱਕਰ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਟ੍ਰੇਨ ਦਾ ਇੰਜਣ ਅਤੇ ਪੰਜ ਕੋਚ ਪੱਟੜੀ ਤੋਂ ਉਤਰ ਗਏ। ਹਾਦਸੇ ਦੌਰਾਨ 8 ਹਾਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਹਾਥੀ ਗੰਭੀਰ ਹਾਲਤ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ।
ਯਾਤਰੀ ਬਚੇ, ਵੱਡਾ ਜਾਨੀ ਨੁਕਸਾਨ ਟਲਿਆ
ਇਸ ਭਿਆਨਕ ਹਾਦਸੇ ਵਿਚ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਾਰੇ ਯਾਤਰੀ ਸੁਰੱਖਿਅਤ ਹਨ। ਕਿਸੇ ਵੀ ਯਾਤਰੀ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰੇਲਵੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ।
ਯਾਤਰੀ ਹੋਰ ਕੋਚਾਂ ‘ਚ ਕੀਤੇ ਗਏ ਸ਼ਿਫਟ
ਰੇਲਵੇ ਸੂਤਰਾਂ ਅਨੁਸਾਰ, ਨੁਕਸਾਨੀ ਕੋਚਾਂ ਵਿੱਚ ਮੌਜੂਦ ਯਾਤਰੀਆਂ ਨੂੰ ਟ੍ਰੇਨ ਦੇ ਹੋਰ ਡੱਬਿਆਂ ਵਿੱਚ ਉਪਲਬਧ ਖਾਲੀ ਬਰਥਾਂ ‘ਤੇ ਤਬਦੀਲ ਕਰ ਦਿੱਤਾ ਗਿਆ। ਯੋਜਨਾ ਮੁਤਾਬਕ, ਗੁਵਾਹਾਟੀ ਪਹੁੰਚਣ ‘ਤੇ ਟ੍ਰੇਨ ਵਿੱਚ ਵਾਧੂ ਕੋਚ ਜੋੜੇ ਜਾਣਗੇ, ਤਾਂ ਜੋ ਯਾਤਰੀ ਆਪਣੀ ਅੱਗੇ ਦੀ ਯਾਤਰਾ ਬਿਨਾਂ ਕਿਸੇ ਦਿੱਕਤ ਦੇ ਜਾਰੀ ਰੱਖ ਸਕਣ।
ਪੱਟੜੀ ‘ਤੇ ਖਿੱਲਰੀਆਂ ਹਾਥੀਆਂ ਦੀਆਂ ਲਾਸ਼ਾਂ, ਦ੍ਰਿਸ਼ ਦਹਿਸ਼ਤਨਾਕ
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੇਲ ਪੱਟੜੀ ਦੇ ਆਲੇ–ਦੁਆਲੇ ਹਾਥੀਆਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ। ਇਹ ਘਟਨਾ ਗੁਵਾਹਾਟੀ ਤੋਂ ਲਗਭਗ 126 ਕਿਲੋਮੀਟਰ ਦੂਰ ਵਾਪਰੀ, ਜਿਸ ਕਾਰਨ ਉੱਪਰੀ ਅਸਾਮ ਅਤੇ ਉੱਤਰ–ਪੂਰਬੀ ਖੇਤਰ ਦੀਆਂ ਕਈ ਰੇਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ।
ਟ੍ਰੈਕ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
ਜੰਗਲਾਤ ਵਿਭਾਗ ਦੇ ਅਧਿਕਾਰੀ ਸੁਹਾਸ ਕਦਮ ਨੇ ਦੱਸਿਆ ਕਿ ਟ੍ਰੈਕ ਤੋਂ ਮਲਬਾ ਅਤੇ ਲਾਸ਼ਾਂ ਹਟਾਉਣ ਦੇ ਨਾਲ–ਨਾਲ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਫਿਲਹਾਲ, ਇਸ ਰੂਟ ਤੋਂ ਗੁਜ਼ਰਨ ਵਾਲੀਆਂ ਹੋਰ ਟ੍ਰੇਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ।
ਮਨੁੱਖ–ਜੰਗਲੀ ਜੀਵ ਟਕਰਾਅ ‘ਤੇ ਫਿਰ ਸਵਾਲ
ਇਸ ਹਾਦਸੇ ਨੇ ਇੱਕ ਵਾਰ ਫਿਰ ਜੰਗਲੀ ਜੀਵਾਂ ਅਤੇ ਰੇਲ ਲਾਈਨਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਅਸਾਮ ਵਿੱਚ ਪਹਿਲਾਂ ਵੀ ਰੇਲ ਪੱਟੜੀਆਂ ‘ਤੇ ਹਾਥੀਆਂ ਨਾਲ ਟੱਕਰਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਇਸ ਵਾਰ ਦਾ ਹਾਦਸਾ ਪੈਮਾਨੇ ਅਤੇ ਨੁਕਸਾਨ ਦੇ ਮਾਮਲੇ ‘ਚ ਸਭ ਤੋਂ ਵੱਡਿਆਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ।

