ਹਿਮਾਚਲ ਪ੍ਰਦੇਸ਼ :- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਵਿਚਕਾਰ ਹੁਣ ਹਿਮਾਚਲ ਪ੍ਰਦੇਸ਼ ਦਾ ਉਦਯੋਗਿਕ ਸ਼ਹਿਰ ਬੱਦੀ ਵੀ ਗੰਭੀਰ ਹਾਲਾਤਾਂ ਨਾਲ ਜੂਝ ਰਿਹਾ ਹੈ। ਬੱਦੀ ਦੀ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਦਰਜੇ ਤੱਕ ਡਿੱਗ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਲਈ ਸਿਹਤ ਸੰਬੰਧੀ ਖ਼ਤਰੇ ਵਧ ਗਏ ਹਨ।
345 ਤੱਕ ਪੁੱਜਿਆ ਏਅਰ ਕਵਾਲਟੀ ਇੰਡੈਕਸ
ਵੀਰਵਾਰ ਸ਼ਾਮ ਬੱਦੀ ਵਿੱਚ ਏਅਰ ਕਵਾਲਟੀ ਇੰਡੈਕਸ 345 ਦਰਜ ਕੀਤਾ ਗਿਆ, ਜੋ ਸਿੱਧੇ ਤੌਰ ‘ਤੇ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਿਰਾਂ ਮੁਤਾਬਕ ਜਦੋਂ ਏਕਿਊਆਈ 200 ਤੋਂ ਉਪਰ ਚਲਾ ਜਾਂਦਾ ਹੈ, ਤਾਂ ਹਵਾ ਮਨੁੱਖੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਮੰਨੀ ਜਾਂਦੀ ਹੈ। ਬੱਦੀ ਵਿੱਚ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਚਿੰਤਾ ਜਨਕ ਬਣਿਆ ਹੋਇਆ ਹੈ।
ਥੋੜ੍ਹਾ ਸੁਧਾਰ, ਪਰ ਹਾਲਾਤ ਅਜੇ ਵੀ ਖ਼ਤਰਨਾਕ
ਸ਼ੁੱਕਰਵਾਰ ਦੁਪਹਿਰ ਬੱਦੀ ਦੇ ਏਕਿਊਆਈ ਵਿੱਚ ਕੁਝ ਹੱਦ ਤੱਕ ਸੁਧਾਰ ਦਰਜ ਕੀਤਾ ਗਿਆ ਅਤੇ ਇਹ 302 ਤੱਕ ਆ ਗਿਆ। ਸ਼ਾਮ ਚਾਰ ਵਜੇ ਦੇ ਕਰੀਬ ਇਹ ਅੰਕੜਾ 280 ਰਿਹਾ, ਪਰ ਇਸ ਦੇ ਬਾਵਜੂਦ ਹਵਾ ਦੀ ਗੁਣਵੱਤਾ ਸੁਰੱਖਿਅਤ ਸੀਮਾ ਤੋਂ ਕਾਫ਼ੀ ਉਪਰ ਰਹੀ ਅਤੇ ਸਿਹਤ ਲਈ ਖ਼ਤਰਾ ਬਣੀ ਰਹੀ।
ਪੀਐੱਮ 2.5 ਬਣਿਆ ਪ੍ਰਦੂਸ਼ਣ ਦਾ ਮੁੱਖ ਕਾਰਨ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਬੱਦੀ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਸੁੱਖਮ ਕਣ ਪਦਾਰਥ ਪੀਐੱਮ 2.5 ਹੈ। ਇਸ ਦੀ ਮਾਤਰਾ 455 ਤੱਕ ਦਰਜ ਕੀਤੀ ਗਈ, ਜੋ ਨਿਰਧਾਰਤ ਸੁਰੱਖਿਅਤ ਸੀਮਾ ਤੋਂ ਕਈ ਗੁਣਾ ਵੱਧ ਹੈ। ਇਸ ਦੇ ਨਾਲ ਹੀ ਪੀਐੱਮ 10 ਦਾ ਪੱਧਰ ਵੀ 483 ਤੱਕ ਪਹੁੰਚ ਗਿਆ।
ਸਵੇਰੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ, ਦਿਨ ਚੜ੍ਹਨ ਨਾਲ ਕੁਝ ਘਟਾਅ
ਸਵੇਰੇ ਲਗਭਗ ਅੱਠ ਵਜੇ ਪੀਐੱਮ 2.5 ਆਪਣੀ ਸਭ ਤੋਂ ਉੱਚੀ ਸਤਰ ‘ਤੇ ਦਰਜ ਕੀਤਾ ਗਿਆ। ਦਿਨ ਚੜ੍ਹਨ ਦੇ ਨਾਲ ਇਸ ਵਿੱਚ ਕੁਝ ਕਮੀ ਜ਼ਰੂਰ ਆਈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਪੱਧਰ ਹਾਲੇ ਵੀ ਸੁਰੱਖਿਅਤ ਨਹੀਂ ਹੈ। ਪੀਐੱਮ 2.5 ਬਹੁਤ ਹੀ ਬਾਰੀਕ ਕਣ ਹੁੰਦੇ ਹਨ, ਜੋ ਸਿੱਧੇ ਫੇਫੜਿਆਂ ਵਿੱਚ ਦਾਖ਼ਲ ਹੋ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਸਾਵਧਾਨੀ ਦੀ ਅਪੀਲ
ਸਿਹਤ ਵਿਭਾਗ ਅਤੇ ਮਾਹਿਰਾਂ ਵੱਲੋਂ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ ‘ਤੇ ਸੁਰੱਖਿਅਤ ਰੱਖਣ ਅਤੇ ਪ੍ਰਦੂਸ਼ਣ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ। ਬੱਦੀ ਦੀ ਹਵਾ ਦੇ ਬਿਗੜਦੇ ਹਾਲਾਤਾਂ ਨੇ ਇੱਕ ਵਾਰ ਫਿਰ ਉਦਯੋਗਿਕ ਇਲਾਕਿਆਂ ਵਿੱਚ ਪ੍ਰਦੂਸ਼ਣ ਨਿਯੰਤਰਣ ਦੀ ਲੋੜ ‘ਤੇ ਸਵਾਲ ਖੜੇ ਕਰ ਦਿੱਤੇ ਹਨ।

