ਤਰਨਤਾਰਨ :- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕੇ ਦਾ ਨੌਜਵਾਨ ਅਨਮੋਲਦੀਪ ਸਿੰਘ ਅੱਜ ਸਾਰੇ ਪੰਜਾਬ ਲਈ ਮਾਣ ਬਣ ਗਿਆ ਹੈ। ਉਸਨੇ ਬ੍ਰਿਟੇਨ ਦੇ ਪ੍ਰਸਿੱਧ ਰਾਇਲ ਗਾਰਡ ਵਿੱਚ ਚੋਣ ਪ੍ਰਾਪਤ ਕਰਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਉਹ ਰਵਾਇਤੀ ਸਿੱਖ ਪੱਗ ਤੇ ਦਾੜ੍ਹੀ ਨਾਲ ਬਕਿੰਘਮ ਪੈਲਿਸ ਵਿੱਚ ਸੇਵਾ ਨਿਭਾਏਗਾ, ਜਿਸ ਨਾਲ ਸਿੱਖ ਪਛਾਣ ਨੂੰ ਵੀ ਸ਼ਾਨ ਮਿਲੇਗੀ।
ਫੌਜੀ ਪਰੰਪਰਾ ਨੂੰ ਦਿੱਤਾ ਵਿਦੇਸ਼ ‘ਚ ਨਵਾਂ ਰੂਪ
ਅਨਮੋਲਦੀਪ 2019 ਵਿੱਚ ਵਿਦਿਆਰਥੀ ਵਜੋਂ ਬ੍ਰਿਟੇਨ ਪਹੁੰਚਿਆ ਸੀ, ਪਰ ਬਚਪਨ ਤੋਂ ਹੀ ਉਸਦਾ ਸੁਪਨਾ ਫੌਜੀ ਸੇਵਾ ਨਾਲ ਜੁੜਨਾ ਸੀ। ਉਸਦੇ ਪਰਿਵਾਰ ਦਾ ਫੌਜ ਨਾਲ ਡੂੰਘਾ ਰਿਸ਼ਤਾ ਹੈ—ਪਿਤਾ, ਦਾਦਾ ਅਤੇ ਪੜਦਾਦਾ ਭਾਰਤੀ ਫੌਜ ਵਿੱਚ ਰਹਿ ਚੁੱਕੇ ਹਨ। ਹੁਣ ਅਨਮੋਲਦੀਪ ਨੇ ਇਹ ਪਰੰਪਰਾ ਵਿਦੇਸ਼ ਦੀ ਧਰਤੀ ‘ਤੇ ਨਿਭਾ ਕੇ ਪਿੰਡ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਉਸਦੀ ਚੋਣ ਨਾਲ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਸਥਾਨਕ ਲੋਕ ਇਸਨੂੰ ਪੰਜਾਬੀ ਨੌਜਵਾਨਾਂ ਦੀ ਮਿਹਨਤ, ਅਨੁਸ਼ਾਸਨ ਤੇ ਸੇਵਾ ਭਾਵਨਾ ਦੀ ਪ੍ਰਤੀਕ ਮੰਨ ਰਹੇ ਹਨ।