ਚੰਡੀਗੜ :- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ‘ਚ ਚੱਲ ਰਹੇ ਓਪਰੇਸ਼ਨ ਅਖਲ ਦੌਰਾਨ ਪੰਜਾਬ ਦੇ ਦੋ ਬਹਾਦਰ ਸਿਪਾਹੀ ਸ਼ਹੀਦ ਹੋ ਗਏ। ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਾਨੂਪੁਰ ਦੇ 28 ਸਾਲਾ ਲਾਂਸ ਨਾਇਕ ਪ੍ਰੀਤਪਾਲ ਸਿੰਘ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਨਿਛਾਵਰ ਕਰ ਦਿੱਤੀ। ਐਤਵਾਰ ਨੂੰ ਦੋਵੇਂ ਸ਼ਹੀਦਾਂ ਦੀਆਂ ਪਾਰਥਿਵ ਦੇਹਾਂ ਉਨ੍ਹਾਂ ਦੇ ਪਿੰਡਾਂ ‘ਚ ਪਹੁੰਚਾਈਆਂ ਜਾ ਰਹੀਆਂ ਹਨ, ਜਿੱਥੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਹੋਵੇਗਾ।
ਰੱਖੜੀ ਤੋਂ ਪਹਿਲਾਂ ਪਰਿਵਾਰਾਂ ‘ਚ ਮਾਤਮ
ਰੱਖੜੀ ਦੇ ਤਿਉਹਾਰ ਤੋਂ ਥੋੜ੍ਹੇ ਸਮੇਂ ਪਹਿਲਾਂ ਆਈ ਇਸ ਦੁੱਖਦਾਈ ਖ਼ਬਰ ਨੇ ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦਿੱਤਾ। ਪ੍ਰੀਤਪਾਲ ਸਿੰਘ ਦੀ ਸ਼ਾਦੀ ਸਿਰਫ਼ ਚਾਰ ਮਹੀਨੇ ਪਹਿਲਾਂ ਹੋਈ ਸੀ, ਜਦਕਿ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ।
ਓਪਰੇਸ਼ਨ ਅਖਲ: ਨੌਵਾਂ ਦਿਨ ਵੀ ਜਾਰੀ
ਓਪਰੇਸ਼ਨ ਅਖਲ 1 ਅਗਸਤ ਤੋਂ ਸ਼ੁਰੂ ਹੋਇਆ ਸੀ, ਜਿਸ ਵਿੱਚ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ CRPF ਸ਼ਾਮਲ ਹਨ। ਸੁਰੱਖਿਆ ਬਲਾਂ ਨੇ ਕੁਲਗਾਮ ਦੇ ਘਣੇ ਜੰਗਲਾਂ ‘ਚ ਛੁਪੇ ਅੱਤਵਾਦੀਆਂ ਨੂੰ ਘੇਰਨ ਲਈ ਡਰੋਨ, ਹੈਲੀਕਾਪਟਰ ਅਤੇ ਪੈਰਾ ਕਮਾਂਡੋ ਦੀ ਮਦਦ ਲਈ। ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ‘ਚ ਇੱਕ ਪੁਲਵਾਮਾ ਦਾ ਹਾਰਿਸ ਨਜ਼ੀਰ ਡਾਰ ਵੀ ਸ਼ਾਮਲ ਸੀ।
ਸਰਕਾਰ ਵੱਲੋਂ ਸਨਮਾਨ ਰਕਮ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਡੂੰਹੀ ਸੰਵੇਦਨਾ ਪ੍ਰਗਟਾਈ ਹੈ ਅਤੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਹਰ ਪਰਿਵਾਰ ਨੂੰ ਇੱਕ-ਇੱਕ ਕਰੋੜ ਰੁਪਏ ਦੀ ਸਨਮਾਨ ਰਕਮ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸਿਪਾਹੀਆਂ ਦੀ ਬਹਾਦਰੀ ਅਤੇ ਸਮਰਪਣ ਹਮੇਸ਼ਾਂ ਪ੍ਰੇਰਣਾ ਦੇਣ ਵਾਲੇ ਰਹਿਣਗੇ।