ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਅਪਰਾਧ ’ਤੇ ਨੱਥ ਪਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਵੇਰਕਾ ਬਾਈਪਾਸ ਨੇੜੇ ਵੱਡੀ ਕਾਰਵਾਈ ਕੀਤੀ। ਫਤਿਹਗੜ੍ਹ ਚੂੜੀਆਂ ਰੋਡ ਸਥਿਤ ਇਕ ਸਟੋਰ ਮਾਲਕ ਨੂੰ ਮਿਲ ਰਹੀਆਂ ਧਮਕੀਆਂ ਅਤੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਦਿਆਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ। ਇਸ ਕਾਰਵਾਈ ਦੌਰਾਨ ਇਕ ਆਰੋਪੀ ਨਾਲ ਮੁੱਠਭੇੜ ਵੀ ਹੋਈ, ਜਿਸ ’ਚ ਉਹ ਜ਼ਖ਼ਮੀ ਹੋ ਗਿਆ।
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਭਾਵੇਂ ਪੀੜਤ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਦੇ ਬਾਵਜੂਦ, ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟਰੇਲ ਫੋਲੋ ਕੀਤੀ ਅਤੇ ਸਬੂਤ ਇਕੱਠੇ ਕੀਤੇ।
ਤਿੰਨ ਆਰੋਪੀ ਗ੍ਰਿਫ਼ਤਾਰ, ਗੋਲੀਬਾਰੀ ਦੀ ਪੁਸ਼ਟੀ
ਜਾਂਚ ਵਿੱਚ ਸਪਸ਼ਟ ਹੋਇਆ ਕਿ ਸਟੋਰ ਦੇ ਬਾਹਰ ਗੋਲੀ ਚਲਾਈ ਗਈ ਸੀ। ਇਸ ਮਾਮਲੇ ’ਚ ਨਿਰਮਲ ਜੋਤ (22), ਮਨਪ੍ਰੀਤ ਉਰਫ਼ ਮੰਗੂ (30) ਅਤੇ ਕਰਨਦੀਪ (19), ਤਿੰਨੇ ਪਿੰਡ ਮੁਰਾਦਪੁਰਾ ਦੇ ਵਾਸੀ, ਗ੍ਰਿਫ਼ਤਾਰ ਕੀਤੇ ਗਏ।
ਹਥਿਆਰ ਰਿਕਵਰੀ ਦੌਰਾਨ ਫਾਇਰ, ਇਕ ਆਰੋਪੀ ਜ਼ਖ਼ਮੀ
ਪੁਲਿਸ ਅਨੁਸਾਰ ਵੈਪਨ ਰਿਕਵਰੀ ਸਮੇਂ ਨਿਰਮਲ ਜੋਤ ਨੇ ਹਥਿਆਰ ਖੋਹ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਚੇਤਾਵਨੀ ਅਣਦੇਖੀ ਕਰਨ ’ਤੇ ਐਸਆਈ ਵੱਲੋਂ ਸੈਲਫ ਡਿਫੈਂਸ ’ਚ ਗੋਲੀ ਚਲਾਈ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਨੌਜਵਾਨਾਂ ਲਈ ਸਖ਼ਤ ਸੁਨੇਹਾ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰ ਛੋਟੇ ਲਾਲਚਾਂ ਨਾਲ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਹਨ। ਕਾਨੂੰਨ ਦੇ ਹੱਥ ਲੰਬੇ ਹਨ ਅਤੇ ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਾਰੀ ਟੀਮ ਦੀ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ।

