ਬਰਨਾਲਾ :- ਬਰਨਾਲਾ–ਬਠਿੰਡਾ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਘੁੰਨਸ ਦੇ ਨੇੜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਮਾਂ ਅਤੇ ਉਸਦੀ ਡੇਢ ਸਾਲ ਦੀ ਧੀ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਪਤੀ ਗੰਭੀਰ ਹਾਲਤ ਵਿੱਚ ਜ਼ਿੰਦਗੀ ਨਾਲ ਜੂਝ ਰਿਹਾ ਹੈ।
ਬਰਨਾਲਾ ਤੋਂ ਵਾਪਸੀ ਦੌਰਾਨ ਵਾਪਰੀ ਘਟਨਾ
ਮਿਲੀ ਜਾਣਕਾਰੀ ਮੁਤਾਬਕ ਤਪਾ ਮੰਡੀ ਦਾ ਰਹਿਣ ਵਾਲਾ ਮੰਗਲੇਸ਼ ਕੁਮਾਰ ਆਪਣੀ ਪਤਨੀ ਸ਼ੈਲੀ ਅਤੇ ਡੇਢ ਸਾਲ ਦੀ ਧੀ ਮਹਿਰੀਨ ਨਾਲ ਕਾਰ ਰਾਹੀਂ ਬਰਨਾਲਾ ਤੋਂ ਵਾਪਸ ਘਰ ਆ ਰਿਹਾ ਸੀ। ਜਦੋਂ ਕਾਰ ਘੁੰਨਸ ਢਾਬੇ ਦੇ ਸਾਹਮਣੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।
ਮਾਂ-ਧੀ ਨੇ ਮੌਕੇ ’ਤੇ ਤੋੜਿਆ ਦਮ
ਹਾਦਸੇ ਵਿੱਚ ਸ਼ੈਲੀ ਅਤੇ ਉਸਦੀ ਨੰਨੀ ਧੀ ਮਹਿਰੀਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਤਿੰਨਾਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਾਰ ਚਾਲਕ ਮੰਗਲੇਸ਼ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅਗਲੇ ਇਲਾਜ ਲਈ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ।
ਟਰੱਕ ਡਰਾਈਵਰ ਫਰਾਰ, ਮਾਮਲਾ ਦਰਜ
ਸਬ-ਡਵੀਜ਼ਨ ਤਪਾ ਮੰਡੀ ਦੇ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਟਰੱਕ ਡਰਾਈਵਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਟਰੱਕ ਸੜਕ ’ਤੇ ਖੜ੍ਹਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਟਰੱਕ ਡਰਾਈਵਰ ਘਟਨਾ ਤੋਂ ਬਾਅਦ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਲਾਕੇ ’ਚ ਸੋਗ ਦੀ ਲਹਿਰ
ਇਸ ਦਰਦਨਾਕ ਹਾਦਸੇ ਤੋਂ ਬਾਅਦ ਤਪਾ ਮੰਡੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇੱਕ ਹੀ ਪਰਿਵਾਰ ’ਤੇ ਆਈ ਇਸ ਅਚਾਨਕ ਤ੍ਰਾਸਦੀ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

