ਮੋਹਾਲੀ :- ਮੋਹਾਲੀ ਵਿੱਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਨਿਰਮਮ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਨੂੰ ਹੋਰ ਅੱਗੇ ਵਧਾਉਂਦੇ ਹੋਏ ਅਹਿਮ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਹਾਂ ਸ਼ੂਟਰਾਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਮੁਲਜ਼ਮਾਂ ਦੀ ਪਛਾਣ ਪਹਿਲਾਂ ਹੀ ਹੋ ਚੁੱਕੀ ਸੀ, ਪਰ ਹੁਣ ਉਨ੍ਹਾਂ ਦੇ ਚਿਹਰੇ ਸਾਹਮਣੇ ਆਉਣ ਨਾਲ ਮਾਮਲਾ ਹੋਰ ਸਪੱਸ਼ਟ ਹੋ ਗਿਆ ਹੈ।
ਸ਼ੂਟਰਾਂ ਦੀ ਹੋਈ ਪਛਾਣ
ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਕਤਲ ਵਿੱਚ ਸ਼ਾਮਲ ਦੋਹਾਂ ਮੁਲਜ਼ਮਾਂ ਦੇ ਨਾਮ ਆਦਿਤਿਆ ਕਪੂਰ ਅਤੇ ਕਰਨ ਪਾਠਕ ਹਨ। ਦੋਵੇਂ ਹੀ ਅੰਮ੍ਰਿਤਸਰ ਦੇ ਵਸਨੀਕ ਹਨ ਅਤੇ ਪੁਲਿਸ ਰਿਕਾਰਡ ਮੁਤਾਬਕ ਪਹਿਲਾਂ ਤੋਂ ਹੀ ਅਪਰਾਧਿਕ ਸਰਗਰਮੀਆਂ ਨਾਲ ਜੁੜੇ ਰਹੇ ਹਨ। ਆਦਿਤਿਆ ਖ਼ਿਲਾਫ਼ 13 ਅਤੇ ਕਰਨ ਖ਼ਿਲਾਫ਼ 2 ਅਪਰਾਧਿਕ ਮਾਮਲੇ ਦਰਜ ਹਨ।
ਸੈਲਫੀ ਦੇ ਬਹਾਨੇ ਰਚੀ ਗਈ ਸਾਜ਼ਿਸ਼
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਸ਼ੂਟਰ ਆਪਣੇ ਆਪ ਨੂੰ ਰਾਣਾ ਦੇ ਪ੍ਰਸ਼ੰਸਕ ਦੱਸ ਕੇ ਉਸਦੇ ਨੇੜੇ ਪਹੁੰਚੇ। ਸੈਲਫੀ ਖਿੱਚਣ ਦੇ ਬਹਾਨੇ ਨਾਲ ਰਾਣਾ ਨੂੰ ਰੋਕਿਆ ਗਿਆ ਅਤੇ ਮੌਕਾ ਮਿਲਦੇ ਹੀ ਪਿੱਛੋਂ ਬਿਲਕੁਲ ਨੇੜੇ ਤੋਂ ਗੋਲੀ ਮਾਰ ਕੇ ਉਸਦੀ ਜਾਨ ਲੈ ਲਈ ਗਈ। ਪੁਲਿਸ ਅਨੁਸਾਰ ਇਸ ਕਤਲ ਦੇ ਪਿੱਛੇ ਰਾਣਾ ਦਾ ਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੋੜਿਆ ਜਾਣਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਪਿੰਡ ਵਿੱਚ ਗਮਗੀਨ ਮਾਹੌਲ, ਅੰਤਿਮ ਸੰਸਕਾਰ ਸੰਪੰਨ
ਰਾਣਾ ਬਲਾਚੌਰੀਆ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਸਦੇ ਜੱਦੀ ਪਿੰਡ ਚਨਕੋਆ ਵਿੱਚ ਕੀਤਾ ਗਿਆ। ਸ਼ਮਸ਼ਾਨਘਾਟ ’ਚ ਭਾਰੀ ਮਾਹੌਲ ਵਿਚਾਲੇ ਛੋਟੇ ਭਰਾ ਰਣਵਿਜੇ ਵੱਲੋਂ ਮੁਖਾਗਨੀ ਦਿੱਤੀ ਗਈ। ਪਰਿਵਾਰ ਲਈ ਇਹ ਦੁੱਖ ਹੋਰ ਵੀ ਵਧ ਗਿਆ ਕਿਉਂਕਿ ਰਾਣਾ ਦੀ ਵਿਆਹ ਨੂੰ ਮਹਿਜ਼ ਕੁਝ ਦਿਨ ਹੀ ਹੋਏ ਸਨ। ਅੰਤਿਮ ਯਾਤਰਾ ਦੌਰਾਨ ਖੇਡ ਜਗਤ ਨਾਲ ਜੁੜੇ ਲੋਕਾਂ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਹਾਜ਼ਰ ਰਹੇ।
ਜਾਂਚ ਜਾਰੀ, ਹੋਰ ਖੁਲਾਸਿਆਂ ਦੀ ਉਮੀਦ
ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਾਮਲੇ ਨਾਲ ਜੁੜੀਆਂ ਸਾਰੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਕਤਲ ਕਾਂਡ ਸਬੰਧੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

