ਬਠਿੰਡਾ :- ਬਠਿੰਡਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪਏ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਅਧਿਕਾਰਿਕ ਤੌਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਗਿਣਤੀ ਦੀ ਕਾਰਵਾਈ ਨੂੰ ਲੈ ਕੇ ਸਾਰੇ ਕਾਊਂਟਿੰਗ ਕੇਂਦਰਾਂ ’ਤੇ ਸਵੇਰ ਤੋਂ ਹੀ ਚਲਪਲ ਵੇਖਣ ਨੂੰ ਮਿਲੀ।
ਬਲਾਕ ਪੱਧਰ ’ਤੇ 8 ਕਾਊਂਟਿੰਗ ਸੈਂਟਰ ਸਥਾਪਿਤ
ਚੋਣ ਕਮਿਸ਼ਨ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕੁੱਲ 8 ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਜਿੱਥੇ ਬੈਲੇਟ ਪੇਪਰਾਂ ਦੀ ਗਿਣਤੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਹਰ ਕੇਂਦਰ ’ਤੇ ਅਲੱਗ-ਅਲੱਗ ਕਾਊਂਟਿੰਗ ਟੇਬਲਾਂ ਲਗਾਈਆਂ ਗਈਆਂ ਹਨ।
1120 ਤੋਂ ਵੱਧ ਕਰਮਚਾਰੀ ਅਤੇ ਮਾਈਕ੍ਰੋ ਆਬਜ਼ਰਵਰ ਤਾਇਨਾਤ
ਜ਼ਿਲ੍ਹਾ ਚੋਣ ਅਧਿਕਾਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਗਿਣਤੀ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਲਗਭਗ 1120 ਕਾਊਂਟਿੰਗ ਸਟਾਫ਼ ਦੇ ਨਾਲ-ਨਾਲ ਮਾਈਕ੍ਰੋ ਆਬਜ਼ਰਵਰਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ, ਜੋ ਹਰ ਪੜਾਅ ’ਤੇ ਨਿਗਰਾਨੀ ਕਰ ਰਹੇ ਹਨ।
ਸੁਰੱਖਿਆ ਦੇ ਸਖ਼ਤ ਪ੍ਰਬੰਧ, ਅਮਨ-ਅਮਾਨ ’ਤੇ ਖ਼ਾਸ ਧਿਆਨ
ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਕਿਸਮ ਦੀ ਅਣਚਾਹੀ ਸਥਿਤੀ ਤੋਂ ਬਚਣ ਲਈ ਕਾਊਂਟਿੰਗ ਸੈਂਟਰਾਂ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਗਿਣਤੀ ਦੀ ਪੂਰੀ ਕਾਰਵਾਈ ਅਮਨ-ਅਮਾਨ ਅਤੇ ਕਾਨੂੰਨੀ ਢਾਂਚੇ ਅੰਦਰ ਹੀ ਨੇਪਰੇ ਚੜ੍ਹਾਈ ਜਾਵੇਗੀ।
ਨਤੀਜਿਆਂ ’ਤੇ ਟਿਕੀਆਂ ਸਿਆਸੀ ਨਜ਼ਰਾਂ
ਬਠਿੰਡਾ ਜ਼ਿਲ੍ਹੇ ਵਿੱਚ ਚੱਲ ਰਹੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਖ਼ਾਸ ਦਿਲਚਸਪੀ ਵੇਖੀ ਜਾ ਰਹੀ ਹੈ। ਜਿਵੇਂ-ਜਿਵੇਂ ਗਿਣਤੀ ਅੱਗੇ ਵਧ ਰਹੀ ਹੈ, ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਨਜ਼ਰਾਂ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।

