ਲੁਧਿਆਣਾ :- ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਦਿਨ ਦਿਹਾੜੇ ਅਪਰਾਧੀਆਂ ਨੇ ਬੇਖੌਫ਼ ਹੋ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਫੋਟੋ ਸਟੂਡੀਓ ਵਿੱਚ ਦਾਖਲ ਹੋ ਕੇ ਹਥਿਆਰਬੰਦ ਨੌਜਵਾਨਾਂ ਨੇ ਫੋਟੋਗ੍ਰਾਫਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਨਕਦੀ ਸਮੇਤ ਦੋ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸਟੂਡੀਓ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਪੈਸਿਆਂ ਦੀ ਮੰਗ ਤੋਂ ਸ਼ੁਰੂ ਹੋਈ ਵਾਰਦਾਤ
ਪੀੜਤ ਫੋਟੋਗ੍ਰਾਫਰ ਸਿੱਧ ਸ਼ਰਨ ਨੇ ਦੱਸਿਆ ਕਿ ਪਹਿਲਾਂ ਇਕ ਨੌਜਵਾਨ ਸਟੂਡੀਓ ਵਿੱਚ ਆਇਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਉਸਨੇ ਇਨਕਾਰ ਕੀਤਾ ਤਾਂ ਕੁਝ ਹੋਰ ਨੌਜਵਾਨ, ਜੋ ਬਾਹਰ ਖੜ੍ਹੇ ਸਨ, ਹਥਿਆਰਾਂ ਸਮੇਤ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਧਮਕਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਪੈਸਿਆਂ ਦੀ ਲੋੜ ਹੈ ਅਤੇ ਜੋ ਕੁਝ ਵੀ ਦੁਕਾਨ ਵਿੱਚ ਹੈ, ਉਹ ਸੌਂਪ ਦਿੱਤਾ ਜਾਵੇ।
ਲੁੱਟ ਮਗਰੋਂ ਵੀ ਇਲਾਕੇ ’ਚ ਮਚਾਈ ਦਹਿਸ਼ਤ
ਫੋਟੋਗ੍ਰਾਫਰ ਮੁਤਾਬਕ, ਲੁੱਟ ਤੋਂ ਬਾਅਦ ਵੀ ਅਪਰਾਧੀਆਂ ਨੇ ਉਸਦਾ ਪਿੱਛਾ ਨਹੀਂ ਛੱਡਿਆ। ਉਹ ਉਸਦੇ ਘਰ ਅਤੇ ਨੇੜਲੇ ਘਰਾਂ ਵੱਲ ਹਥਿਆਰਾਂ ਅਤੇ ਇੱਟਾਂ ਨਾਲ ਹਮਲੇ ਕਰਦੇ ਰਹੇ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ। ਲੋਕ ਖੌਫ਼ਜ਼ਦਾ ਰਹੇ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ।
ਜਾਨੋਂ ਮਾਰਨ ਦੀ ਧਮਕੀ, ਮੋਟਰਸਾਈਕਲਾਂ ’ਤੇ ਫਿਰਦੇ ਰਹੇ ਬਦਮਾਸ਼
ਪੀੜਤ ਨੇ ਦੱਸਿਆ ਕਿ ਬਦਮਾਸ਼ ਤਿੰਨ ਤੋਂ ਚਾਰ ਮੋਟਰਸਾਈਕਲਾਂ ’ਤੇ ਆਏ ਸਨ ਅਤੇ ਲੰਮੇ ਸਮੇਂ ਤੱਕ ਆਂਢ-ਗੁਆਂਢ ਵਿੱਚ ਘੁੰਮਦੇ ਰਹੇ। ਉਨ੍ਹਾਂ ਨੇ ਲੋਕਾਂ ਦੇ ਘਰਾਂ ’ਤੇ ਇੱਟਾਂ ਸੁੱਟੀਆਂ ਅਤੇ ਹਥਿਆਰ ਲਹਿਰਾ ਕੇ ਦਹਿਸ਼ਤ ਫੈਲਾਈ। ਨਾਲ ਹੀ ਕਿਸੇ ਨੂੰ ਘਟਨਾ ਬਾਰੇ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਪੁਲਿਸ ਜਾਂਚ ’ਚ ਜੁੱਟੀ, ਸੀਸੀਟੀਵੀ ਫੁਟੇਜ ਕਬਜ਼ੇ ’ਚ
ਘਟਨਾ ਦੀ ਸੂਚਨਾ ਮਿਲਣ ’ਤੇ ਸਾਹਨੇਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹੋ ਸਕਦੇ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

