ਚੰਡੀਗੜ੍ਹ :- ਦਿਵੰਗਤ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਜਾਲੰਧਰ ਵਿੱਚ ਆਪਣੇ ਅਪਮਾਨ ਨੂੰ ਗੰਭੀਰ ਮੰਨਦਿਆਂ ਕ੍ਰਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇਹ ਨੋਟਿਸ ਉਨ੍ਹਾਂ ਦੇ ਵਕੀਲ ਗੁਰਵਿੰਦਰ ਸੰਧੂ ਰਾਹੀਂ ਭੇਜਿਆ ਗਿਆ ਹੈ, ਜਿਸ ਵਿੱਚ 10 ਲੱਖ ਰੁਪਏ ਮੁਆਵਜ਼ੇ ਦੇ ਨਾਲ ਨਾਲ ਸਾਰਵਜਨਿਕ ਮਾਫ਼ੀ ਦੀ ਮੰਗ ਕੀਤੀ ਗਈ ਹੈ। ਚਰਨ ਕੌਰ ਦਾ ਰੋਸ ਉਸ ਸਮੇਂ ਵਧਿਆ ਜਦੋਂ ਜਾਲੰਧਰ ਵਿੱਚ ਹੋਏ ਇੱਕ ਪ੍ਰਦਰਸ਼ਨ ਦੌਰਾਨ ਗਲਤਫਹਿਮੀ ਦੇ ਆਧਾਰ ’ਤੇ ਉਨ੍ਹਾਂ ਦਾ ਪੁਤਲਾ ਲਿਆਇਆ ਗਿਆ, ਜਿਸ ਨੂੰ ਪਰਿਵਾਰ ਨੇ ਗੰਭੀਰ ਅਪਮਾਨ ਕਰਾਰ ਦਿੱਤਾ ਹੈ।
ਪਰਿਵਾਰ ਦੀ ਸਖ਼ਤ ਮੰਗ: 15 ਦਿਨਾਂ ਵਿੱਚ ਮਾਫ਼ੀ ਤੇ ਮੁਆਵਜ਼ਾ
ਨੋਟਿਸ ਵਿੱਚ ਕਮੇਟੀ ਤੋਂ ਇਹ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਕਿ ਪਤਲੇ ਦੀ ਤਿਆਰੀ ਅਤੇ ਉਸ ’ਤੇ ਚਰਨ ਕੌਰ ਦੀ ਤਸਵੀਰ ਲਾਉਣ ਦਾ ਹੁਕਮ ਕਿਸਨੇ ਦਿੱਤਾ। ਚਰਨ ਕੌਰ ਨੇ ਕਮੇਟੀ ਨੂੰ 15 ਦਿਨਾਂ ਦੀ ਮਿਆਦ ਦਿੱਤੀ ਹੈ ਕਿ ਉਹ ਆਪਣੀ ਗਲਤੀ ਲਈ ਲਿਖਿਤ ਮਾਫ਼ੀ ਜਾਰੀ ਕਰੇ। ਮੰਗ ਇਹ ਹੈ ਕਿ ਇਹ ਮਾਫ਼ੀ ਪੰਜਾਬ ਦੇ ਅਖ਼ਬਾਰਾਂ ਵਿੱਚ ਛਪੇ ਤੇ ਕਮੇਟੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੋਸਟ ਕੀਤੀ ਜਾਵੇ। ਪਰਿਵਾਰ ਦਾ ਜ਼ੋਰ ਹੈ ਕਿ ਇਹ ਮਾਫ਼ੀ ਘੱਟੋ-ਘੱਟ 30 ਦਿਨਾਂ ਲਈ ਸੋਸ਼ਲ ਮੀਡੀਆ ’ਤੇ ਬਣੀ ਰਹੇ। ਚਰਨ ਕੌਰ ਨੇ ਆਪਣੇ ਸਨਮਾਨ ਨੂੰ ਪਹੁੰਚੇ ਆਘਾਤ ਅਤੇ ਮਾਨਸਿਕ ਕਸਟ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਵੀ ਰੱਖੀ ਹੈ।
ਵਿਵਾਦ ਦੀ ਪੱਛੋਕੜ: ਪਾਦਰੀ ਅੰਕੁਰ ਨਰੂਲਾ ਖਿਲਾਫ਼ ਪ੍ਰਦਰਸ਼ਨ ਤੋਂ ਸ਼ੁਰੂਆਤ
ਇਹ ਮਾਮਲਾ ਤਦ ਭੜਕਿਆ ਜਦੋਂ ਕੁਝ ਦਿਨ ਪਹਿਲਾਂ ਭਾਨਾ ਸਿੱਧੂ ਨੇ ਪਾਦਰੀ ਅੰਕੁਰ ਨਰੂਲਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਦੇ ਜਵਾਬ ਵਿੱਚ 10 ਦਸੰਬਰ ਨੂੰ ਕਰਿਸਚਨ ਭਾਈਚਾਰੇ ਨੇ ਜਾਲੰਧਰ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਤਿੰਨ ਪਤਲੇ ਲਿਆਏ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ’ਤੇ ਗਲਤੀ ਨਾਲ ਚਰਨ ਕੌਰ ਦੀ ਤਸਵੀਰ ਲੱਗੀ ਹੋਈ ਸੀ। ਇਸ ਚੁਕ ਨੇ ਮੂਸੇਵਾਲਾ ਪਰਿਵਾਰ ਨੂੰ ਬਹੁਤ ਨਾਰਾਜ਼ ਕੀਤਾ ਹੈ।
ਕਮੇਟੀ ਨੇ ਮੰਨੀ ਗਲਤੀ, ਪਰ ਨੋਟਿਸ ਤੋਂ ਨਹੀਂ ਬਚ ਸਕੀ
ਵਿਵਾਦ ਵੱਧਦਾ ਦੇਖ ਕਮੇਟੀ ਨੇ ਉਸੇ ਦਿਨ ਪ੍ਰੈਸ ਕਾਨਫਰੰਸ ਕਰ ਕੇ ਸਵੀਕਾਰਿਆ ਸੀ ਕਿ ਉਹ ਕਿਸੇ ਹੋਰ ਔਰਤ ਦਾ ਪਤਲਾ ਫੂਕਣ ਚਾਹੁੰਦੇ ਸਨ, ਪਰ ਗਲਤੀ ਨਾਲ ਤਸਵੀਰ ਬਦਲ ਗਈ। ਕਮੇਟੀ ਨੇ ਇਹ ਵੀ ਦਾਅਵਾ ਕੀਤਾ ਕਿ ਪਤਲਾ ਸਾੜਨ ਤੋਂ ਪਹਿਲਾਂ ਹੀ ਉਹ ਤਸਵੀਰ ਹਟਾ ਲਈ ਗਈ ਸੀ ਅਤੇ ਉਸਨੂੰ ਸੁਰੱਖਿਅਤ ਰੱਖਿਆ ਗਿਆ ਸੀ। ਇਸਦੇ ਬਾਵਜੂਦ ਪਰਿਵਾਰ ਨੇ ਇਸ ਘਟਨਾ ਨੂੰ ਆਪਣੀ ਮਰਿਆਦਾ ਨਾਲ ਜੋੜਿਆ ਹੈ ਤੇ ਹੁਣ ਕਮੇਟੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

