ਅਜਨਾਲਾ :- ਪੰਜਾਬ ਦੇ ਅਜਨਾਲਾ ਸ਼ਹਿਰ ਵਿੱਚ ਦੇਰ ਰਾਤ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਾਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਦੋ ਨਕਾਬਪੋਸ਼ ਬਦਮਾਸ਼ਾਂ ਨੇ ਮੈਡੀਕਲ ਸਟੋਰ ਮਾਲਕ ਤਰਨਜੀਤ ਸਿੰਘ ਨੂੰ ਰਸਤੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ, ਜਦੋਂਕਿ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ।
ਘਰ ਵਾਪਸੀ ਦੌਰਾਨ ਹਮਲਾ
ਮ੍ਰਿਤਕ ਤਰਨਜੀਤ ਸਿੰਘ ਦੇ ਭਰਾ ਕਰਮਜੀਤ ਸਿੰਘ ਅਨੁਸਾਰ, ਘਟਨਾ ਉਸ ਵੇਲੇ ਵਾਪਰੀ ਜਦੋਂ ਤਰਨਜੀਤ ਸਿੰਘ ਰਾਤ ਆਪਣੇ ਮੈਡੀਕਲ ਸਟੋਰ ਤੋਂ ਘਰ ਵਾਪਸ ਜਾ ਰਿਹਾ ਸੀ। ਰਸਤੇ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ੍ਹ ਬਰਾਮਦ ਕੀਤੇ ਹਨ।
ਪਹਿਲਾਂ ਵੀ ਆ ਚੁੱਕੀ ਸੀ ਧਮਕੀ
ਪਰਿਵਾਰ ਨੇ ਖੁਲਾਸਾ ਕੀਤਾ ਕਿ ਕਰੀਬ ਇੱਕ ਸਾਲ ਪਹਿਲਾਂ ਤਰਨਜੀਤ ਸਿੰਘ ਨੂੰ ਫੋਨ ‘ਤੇ ਧਮਕੀ ਮਿਲੀ ਸੀ, ਜਿਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਉਨ੍ਹਾਂ ਦੀ ਮੰਗ ਹੈ ਕਿ ਇਸ ਕਤਲ ਦੇ ਅਸਲ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਪੁਲਿਸ ਨੇ ਮੌਕੇ ਤੋਂ 5 ਖੋਲ੍ਹ ਬਰਾਮਦ ਕੀਤੇ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਤਕਰੀਬਨ ਪੰਜ ਗੋਲੀਆਂ ਦੇ ਖੋਲ੍ਹ ਬਰਾਮਦ ਕੀਤੇ ਹਨ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਕਤਲ ਦੇ ਅਸਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।