ਚੰਡੀਗੜ੍ਹ :- ਕਾਂਗਰਸੀ ਸਾਂਸਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਕਾਨੂੰਨੀ ਨੋਟਿਸ ਨੇ ਰਾਜਨੀਤਿਕ ਮਾਹੌਲ ਹੋਰ ਗਰਮਾ ਦਿੱਤਾ ਹੈ। ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕੜੀ ਭਾਸ਼ਾ ਵਰਤਦਿਆਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਪੂਰੀ ਤਰ੍ਹਾਂ ਬੇਤੁਕਾ ਹੈ। ਸਿੱਧੂ ਨੇ ਕਿਹਾ ਕਿ ਉਹ ਆਪਣੇ ਹਰ ਸ਼ਬਦ ‘ਤੇ ਪਹਿਲਾਂ ਵਾਂਗ ਹੀ ਅਡਿੱਗ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਡਰ ਦੀ ਰਾਜਨੀਤੀ ਅੱਗੇ ਝੁਕਣ ਵਾਲੀਆਂ ਨਹੀਂ।
“ਮਾਫ਼ੀ ਤਾਂ ਦੂਰ, ਲੋੜ ਪਈ ਤਾਂ ਮੈਂ ਵੀ ਕੇਸ ਕਰਾਂਗੀ” — ਸਿੱਧੂ ਦੀ ਚੇਤਾਵਨੀ
ਰੰਧਾਵਾ ਦੇ ਨੋਟਿਸ ਨੂੰ ਨਾ ਸਿਰਫ਼ ਖਾਰਜ ਕੀਤਾ ਗਿਆ, ਸਗੋਂ ਸਿੱਧੂ ਨੇ ਉਲਟਾ ਉਨ੍ਹਾਂ ਨੂੰ ਹੀ ਸਖ਼ਤ ਤੌਰ ‘ਤੇ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਰੰਧਾਵਾ ਨੇ ਆਪਣਾ ਨੋਟਿਸ ਵਾਪਸ ਨਹੀਂ ਲਿਆ ਤਾਂ ਉਹ ਖੁਦ ਕਾਨੂੰਨੀ ਰਾਹ ਅਪਣਾਉਣ ਲਈ ਤਿਆਰ ਹਨ। ਸਿੱਧੂ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਧਮਕੀਆਂ ਨਾਲ ਉਨ੍ਹਾਂ ਦੇ ਹੌਂਸਲੇ ਕਦੇ ਡਗਮਗਾਉਂਦੇ ਨਹੀਂ।
ਆਪਣੇ ਬਿਆਨਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੋੜਿਆ
ਜਵਾਬ ਵਿੱਚ ਸਿੱਧੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਸੰਵਿਧਾਨ ਵਿੱਚ ਦਿੱਤੇ ਮੂਲ ਅਧਿਕਾਰ — ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ ਹਨ। ਉਨ੍ਹਾਂ ਦਾ ਤਰਕ ਹੈ ਕਿ ਜੋ ਕੁਝ ਵੀ ਉਨ੍ਹਾਂ ਨੇ ਕਿਹਾ, ਉਹ ਪਹਿਲਾਂ ਹੀ ਲੋਕ-ਡੋਮੇਨ ਵਿੱਚ ਮੌਜੂਦ ਮੀਡੀਆ ਰਿਪੋਰਟਾਂ ‘ਤੇ ਆਧਾਰਿਤ ਸੀ। ਇਸ ਲਈ ਉਨ੍ਹਾਂ ਦੇ ਬਿਆਨ ਨੂੰ ਕਾਨੂੰਨ ਦੀ ਉਲੰਘਣਾ ਜਾਂ ਕਿਸੇ ਵਿਅਕਤੀ ਦੇ ਖ਼ਿਲਾਫ਼ ਚੋਟ ਸਮਝਿਆ ਨਹੀਂ ਜਾ ਸਕਦਾ।
“ਲੋਕ ਹਿੱਤ ਦੇ ਮੁੱਦਿਆਂ ਨੂੰ ਉਠਾਉਣਾ ਮੇਰਾ ਹੱਕ ਅਤੇ ਫ਼ਰਜ਼”
ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਕੇਵਲ ਉਹੋ ਜਹੇ ਮੁੱਦੇ ਚੁੱਕ ਰਹੀਆਂ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕ ਹਿੱਤ ਅਤੇ ਜਨਤਕ ਜਵਾਬਦੇਹੀ ਨਾਲ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਦਾ ਨੋਟਿਸ ਹਕੀਕਤ ਤੇ ਨਹੀਂ, ਸਗੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਜੋ ਕਿਸੇ ਵੀ ਰੂਪ ਵਿੱਚ ਕਬੂਲਯੋਗ ਨਹੀਂ।