ਚੰਡੀਗੜ੍ਹ :- ਪਟਿਆਲਾ ਪੁਲਸ ਦੀ ਕਥਿਤ ਵਾਇਰਲ ਆਡੀਓ ਰਿਕਾਰਡਿੰਗ ਮਾਮਲੇ ਨੇ ਵੱਡਾ ਮੋੜ ਲੈ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਹੁਕਮ ਦਿੱਤਾ ਹੈ ਕਿ ਇਸ ਰਿਕਾਰਡਿੰਗ ਦੀ ਫੋਰੈਂਜ਼ਿਕ ਜਾਂਚ ਚੰਡੀਗੜ੍ਹ ਦੀ ਮੰਨੀ-ਜੰਨੀ ਸਰਕਾਰੀ ਲੈਬ ਵਿੱਚ ਕਰਵਾਈ ਜਾਵੇ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਜਾਂਚ ਦੀ ਪ੍ਰਕਿਰਿਆ ਤੇਜ਼ ਕਰਨ ਦੀ ਵੀ ਹਦਾਇਤ ਦਿੱਤੀ ਹੈ।
ਐੱਸ.ਐੱਸ.ਪੀ. ਵਰੁਣ ਸ਼ਰਮਾ ਅਚਾਨਕ ਛੁੱਟੀ ‘ਤੇ, ਵਾਧੂ ਚਾਰਜ ਚਾਹਲ ਨੂੰ
ਸੁਣਵਾਈ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਪਟਿਆਲਾ ਐੱਸ.ਐੱਸ.ਪੀ. ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ‘ਤੇ ਭੇਜ ਦਿੱਤਾ ਗਿਆ। ਸਰਕਾਰ ਨੇ ਤੁਰੰਤ ਫ਼ੈਸਲਾ ਲੈਂਦੇ ਹੋਏ ਸੰਗਰੂਰ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੂੰ ਪਟਿਆਲਾ ਦਾ ਵਾਧੂ ਚਾਰਜ ਸੌਂਪ ਦਿੱਤਾ। ਅਧਿਕਾਰਕ ਸਰੋਤਾਂ ਅਨੁਸਾਰ ਇਹ ਬਦਲਾਅ ਵਾਇਰਲ ਆਡੀਓ ਮਾਮਲੇ ਵਿਚ ਚਲ ਰਹੀਆਂ ਕਾਰਵਾਈਆਂ ਨਾਲ ਸਿੱਧਾ ਜੁੜਿਆ ਮੰਨਿਆ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕੀਤੀ ਸੀ ਆਡੀਓ ਜਨਤਕ, ਪੁਲਸ ‘ਤੇ ਵੱਡੇ ਇਲਜ਼ਾਮ
ਇਹ ਰਿਕਾਰਡਿੰਗ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਹਮਣੇ ਰੱਖੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਆਡੀਓ ਪਟਿਆਲਾ ਪੁਲਸ ਦੀ ਆਨਲਾਈਨ ਕਾਨਫਰੰਸ ਕਾਲ ਦੌਰਾਨ ਦੀ ਹੈ, ਜਿਸ ‘ਚ ਐੱਸ.ਐੱਸ.ਪੀ. ਵਰੁਣ ਸ਼ਰਮਾ ਕਥਿਤ ਤੌਰ ‘ਤੇ ਡੀ.ਐੱਸ.ਪੀਜ਼ ਨੂੰ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਸਮੇਂ ਰੋਕਣ, ਧੱਕਾ-ਮੁੱਕੀ ਕਰਨ ਅਤੇ ਉਨ੍ਹਾਂ ਦੇ ਪੱਤਰ ਪਾੜਣ ਤੱਕ ਦੇ ਹੁਕਮ ਦੇ ਰਹੇ ਸਨ। ਇਹ ਦੋਸ਼ ਸਾਹਮਣੇ ਆਉਣ ਤੋਂ ਬਾਦ ਸਿਆਸੀ ਪੱਧਰ ‘ਤੇ ਤਿੱਖੀ ਚਰਚਾ ਸ਼ੁਰੂ ਹੋ ਗਈ ਸੀ।
ਪੁਲਸ ਨੇ ਆਡੀਓ ਨੂੰ ਪਹਿਲਾਂ AI-ਜਨਰੇਟਡ ਕਹਿ ਕੀਤਾ ਸੀ ਰੱਦ
ਪਟਿਆਲਾ ਪੁਲਸ ਨੇ ਰਿਕਾਰਡਿੰਗ ਸਾਹਮਣੇ ਆਉਂਦੇ ਹੀ ਇਸਨੂੰ AI ਨਾਲ ਤਿਆਰ ਕੀਤਾ “ਫਰਜ਼ੀ ਕਲਿੱਪ” ਕਰਾਰ ਦਿੰਦੇ ਹੋਏ ਪੂਰੀ ਦਸਤਾਵੇਜ਼ੀ ਨੂੰ ਨਕਾਰ ਦਿੱਤਾ ਸੀ। ਪਰ ਅਕਾਲੀ ਦਲ ਨੇ ਸਵਾਲ ਉਠਾਇਆ ਕਿ ਪੁਲਸ ਨੇ ਇਸਨੂੰ ਜਾਲਸਾਜ਼ੀ ਦੱਸਣ ਤੋਂ ਪਹਿਲਾਂ ਕਿਸ ਲੈਬ ਤੋਂ ਇਸ ਦੀ ਸਾਇੰਟੀਫਿਕ ਜਾਂਚ ਕਰਵਾਈ ਸੀ। ਇਹੀ ਸਵਾਲ ਹੁਣ ਹਾਈ ਕੋਰਟ ਵਿਚ ਵੀ ਗੂੰਜਿਆ, ਜਿਸ ਤੋਂ ਬਾਅਦ ਅਦਾਲਤ ਨੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ।
ਹੁਣ ਤਹਿ ਹੋਵੇਗਾ ਕਿ ਮੂਲ ਆਵਾਜ਼ ਕਿਸਦੀ ਹੈ, ਨਤੀਜੇ ਤੇ ਸਭ ਦੀ ਨਿਗਾਹ
ਚੰਡੀਗੜ੍ਹ ਲੈਬ ਵੱਲੋਂ ਆਡੀਓ ਦੀ ਪਰਖ ਹੁਣ ਮਾਮਲੇ ਦੀ ਸੱਚਾਈ ਦਾ ਫੈਸਲਾ ਕਰੇਗੀ। ਇਹ ਜਾਂਚ ਇਹ ਵੀ ਤਹਿ ਕਰੇਗੀ ਕਿ ਰਿਕਾਰਡਿੰਗ ਮੂਲ ਹੈ ਜਾਂ ਤਕਨੀਕ ਰਾਹੀਂ ਤਿਆਰ ਕੀਤੀ ਗਈ ਹੈ। ਸਰਕਾਰੀ ਤੇ ਸਿਆਸੀ ਪੱਧਰ ਦੋਹਾਂ ਦੀ ਨਿਗਾਹ ਹੁਣ ਸਿੱਧੇ ਤੌਰ ‘ਤੇ ਫੋਰੈਂਸਿਕ ਰਿਪੋਰਟ ‘ਤੇ ਟਿਕੀ ਹੋਈ ਹੈ।