ਅੰਮ੍ਰਿਤਸਰ :- ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਚੌਕੰਨਾ ਕਰ ਦਿੱਤਾ। ਮਾਮਲੇ ਦੀ ਗੰਭੀਰਤਾ ਦੇ ਚਲਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਦਰਜ ਕਰਵਾਈ ਹੈ। ਡੀ.ਐਸ.ਪੀ. ਰਾਜਾਸਾਂਸੀ ਨੀਰਜ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਸ਼ਿਕਾਇਤ ਸੋਨੀਆ ਮਾਨ ਦੇ ਸੋਸ਼ਲ ਮੀਡੀਆ ਹੈਂਡਲਰ ਵੱਲੋਂ ਦਿੱਤੀ ਗਈ ਸੀ।
ਧਮਕੀ ਭਰੀਆਂ ਪੋਸਟਾਂ ਦੇ ਬਾਅਦ ਸ਼ੁਰੂ ਹੋਈ ਜਾਂਚ
ਸ਼ਿਕਾਇਤ ਮੁਤਾਬਕ 08 ਦਸੰਬਰ 2025 ਨੂੰ Instagram ਆਈ.ਡੀ. @preet_jatit581 ਤੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਪੋਸਟਾਂ ਪਬਲਿਸ਼ ਕੀਤੀਆਂ ਗਈਆਂ ਸਨ। ਇਹ ਪੋਸਟਾਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਤਕਨੀਕੀ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਸਾਈਬਰ ਕਰਾਈਮ ਸੈੱਲ ਨੇ IT Act 2000 ਅਤੇ 25 Arms Act ਹੇਠ ਕੇਸ ਦਰਜ ਕਰ ਲਿਆ।
ਤਕਨੀਕੀ ਸਰੋਤਾਂ ਅਤੇ ਹਿਊਮਨ ਇੰਟੈਲੀਜੈਂਸ ਨਾਲ ਪੂਰੀ ਚੇਨ ਟ੍ਰੇਸ ਕੀਤੀ ਗਈ
ਸਾਈਬਰ ਮਾਹਿਰਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਆਈ.ਡੀ. ਚਲਾਉਣ ਵਾਲੇ ਵਿਅਕਤੀ ਦੀ ਪਛਾਣ ਭਿੰਡੀਸੈਦਾ ਦੇ ਨਿਵਾਸੀ ਗੋਪੀ ਵਜੋਂ ਹੋਈ। ਪੁਲਿਸ ਟੀਮ ਨੇ ਸਹੀ ਸਥਾਨ ਦੀ ਪੁਸ਼ਟੀ ਕਰਦੇ ਹੀ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਮੁਤਾਬਕ ਮੁਲਜ਼ਮ ਤੋਂ ਧਮਕੀ ਦੇ ਕਾਰਨ, ਉਹ ਕਿਹੜਿਆਂ ਲੋਕਾਂ ਦੇ ਸੰਪਰਕ ਵਿੱਚ ਸੀ, ਅਤੇ ਕੀ ਇਸ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਸੀ—ਇਸ ਸਬੰਧੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ।
ਪੁਲਿਸ – ਧਮਕੀ ਦੇ ਮਾਮਲਿਆਂ ਨੂੰ ਕੋਈ ਛੂਟ ਨਹੀਂ ਮਿਲੇਗੀ
ਡੀ.ਐਸ.ਪੀ. ਨੀਰਜ ਕੁਮਾਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣ ਵਾਲੀ ਕੋਈ ਵੀ ਧਮਕੀ ਹਲਕੇ ਹੱਥ ਨਾਲ ਨਹੀਂ ਲਈ ਜਾਵੇਗੀ। ਇਹ ਮਾਮਲਾ ਸਿਰਫ਼ ਕਾਨੂੰਨੀ ਉਲੰਘਣਾ ਨਹੀਂ, ਸਗੋਂ ਲੋਕਤੰਤਰਕ ਪ੍ਰਕਿਰਿਆ ਵਿੱਚ ਦਖ਼ਲ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹਰ ਨਵੇਂ ਤੱਥ ਦੀ ਰੋਸ਼ਨੀ ਵਿੱਚ ਕਾਰਵਾਈ ਹੋਰ ਵੀ ਤੇਜ਼ ਕੀਤੀ ਜਾਵੇਗੀ।

