ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਵਧ ਰਹੀਆਂ ਰੈਬੀਜ਼ ਦੀਆਂ ਘਟਨਾਵਾਂ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ ਸੰਬੰਧੀ ਵੱਡਾ ਫੈਸਲਾ ਲਿਆ ਹੈ। ਹੁਣ ਸ਼ਹਿਰ ਵਾਸੀ ਘਰਾਂ ਦੇ ਬਾਹਰ, ਗਲੀਆਂ ਵਿੱਚ ਜਾਂ ਮਨਚਾਹੀ ਥਾਂ ‘ਤੇ ਕੁੱਤਿਆਂ ਨੂੰ ਖਾਣਾ ਨਹੀਂ ਦੇ ਸਕਣਗੇ। ਜੇ ਕੋਈ ਅਜਿਹਾ ਕਰਦੇ ਫੜਿਆ ਗਿਆ ਤਾਂ ਉਸ ‘ਤੇ ਭਾਰੀ ਜੁਰਮਾਨਾ ਲੱਗੇਗਾ।
200 ਨਿਰਧਾਰਤ ਫੀਡਿੰਗ ਪੁਆਇੰਟ ਤੈਅ
ਨਿਗਮ ਨੇ ‘ਮਿਊਂਸਿਪਲ ਕਾਰਪੋਰੇਸ਼ਨ ਚੰਡੀਗੜ੍ਹ ਪੇਟ ਐਂਡ ਕਮਿਊਨਿਟੀ ਡੌਗ ਬਾਈਲਾਜ਼–2025’ ਤਿਆਰ ਕਰਦਿਆਂ ਸ਼ਹਿਰ ਵਿੱਚ 200 ਫਿਕਸ ਫੀਡਿੰਗ ਪੁਆਇੰਟ ਨਿਰਧਾਰਤ ਕੀਤੇ ਹਨ। ਹਰ ਸੈਕਟਰ ਵਿੱਚ ਲਗਭਗ 4 ਤੋਂ 5 ਸਥਾਨ ਰੱਖੇ ਗਏ ਹਨ। ਇਹ ਥਾਵਾਂ ਮੈਦਾਨੀ ਸਰਵੇ, ਰਸਤੇ ਦੀ ਸੁਰੱਖਿਆ, ਲੋਕਾਂ ਦੀ ਆਵਾਜਾਈ ਅਤੇ ਕੁੱਤਿਆਂ ਦੀ ਮੂਵਮੈਂਟ ਨੂੰ ਧਿਆਨ ਵਿਚ ਰੱਖਕੇ ਚੁਣੀਆਂ ਗਈਆਂ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਨਾ ਬਣੇ।
ਜਨਤਾ ਤੋਂ ਸੁਝਾਅ ਤੇ ਇਤਰਾਜ਼ ਮੰਗੇ ਗਏ
ਨਿਗਮ ਨੇ ਇਨ੍ਹਾਂ ਫੀਡਿੰਗ ਪੁਆਇੰਟਾਂ ਦੀ ਸੈਕਟਰ-ਵਾਈਜ਼ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਸ਼ਹਿਰ ਵਾਸੀਆਂ, RWA ਅਤੇ ਸਮਾਜਿਕ ਸੰਗਠਨਾਂ ਕੋਲੋਂ ਸੁਝਾਅ ਮੰਗੇ ਹਨ। ਲੋਕ ਅਗਲੇ 7 ਦਿਨਾਂ ਵਿੱਚ ਆਪਣੇ ਸੁਝਾਅ ਭੇਜ ਸਕਦੇ ਹਨ। ਜੇ ਕੋਈ ਨਵਾਂ ਸਪਾਟ ਸੁਝਾਉਣਾ ਚਾਹੇ ਤਾਂ ਉਸਦਾ ਤਰਕ ਵੀ ਦੇਣਾ ਪਵੇਗਾ। ਸੁਝਾਈ ਗਈ ਜਗ੍ਹਾ ਖੇਡ ਮੈਦਾਨਾਂ ਤੋਂ ਦੂਰ, ਬਿਨਾ ਟ੍ਰੈਫ਼ਿਕ ਦੇ ਖਤਰੇ ਵਾਲੀ ਅਤੇ ਉੱਥੇ ਪਹਿਲਾਂ ਹੀ ਕੁੱਤਿਆਂ ਦੀ ਮੌਜੂਦਗੀ ਹੋਣੀ ਲਾਜ਼ਮੀ ਹੈ।
ਆਪਣੇ ਸੈਕਟਰ ਦਾ ਫੀਡਿੰਗ ਪੁਆਇੰਟ ਕਿਵੇਂ ਵੇਖੋ?
ਨਿਗਮ ਨੇ ਅਧਿਕਾਰਤ ਵੈਬਸਾਈਟ ‘ਤੇ ਸਾਰੇ ਸਥਾਨਾਂ ਦੀ ਲਿਸਟ ਲੈਂਡਮਾਰਕ ਅਤੇ GPS ਸਥਿਤੀ ਸਮੇਤ ਅਪਲੋਡ ਕੀਤੀ ਹੈ।
ਵੈੱਬਸਾਈਟ ਖੋਲ੍ਹੋ → ਸੱਜੇ ਪਾਸੇ ਦਿੱਤੇ “Draft Community Dog Feeding Points–Public Suggestions Invited” ਲਿੰਕ ‘ਤੇ ਕਲਿੱਕ ਕਰੋ → ਪੂਰੀ ਪਾਲਿਸੀ ਅਤੇ ਆਪਣੇ ਸੈਕਟਰ ਦੇ ਪੁਆਇੰਟ ਵੇਖ ਸਕਦੇ ਹੋ।
ਸੁਪਰੀਮ ਕੋਰਟ ਦੀ ਸਖ਼ਤ ਹਦਾਇਤ ਤੋਂ ਬਾਦ ਚੰਡੀਗੜ੍ਹ ਦੀ ਕਾਰਵਾਈ
ਦੇਸ਼ ਭਰ ਵਿੱਚ ਕੁੱਤਿਆਂ ਦੀਆਂ ਹਮਲਾਵਰ ਘਟਨਾਵਾਂ ਅਤੇ ਰੈਬੀਜ਼ ਦੇ ਵੱਧਦੇ ਜੋਖ਼ਮ ‘ਤੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆਂ ਸਾਫ਼ ਆਦੇਸ਼ ਦਿੱਤੇ ਸਨ ਕਿ ਹਰ ਸ਼ਹਿਰ ਵਿੱਚ ਕੁੱਤਿਆਂ ਦੀ ਨਸਬੰਦੀ ਤੇ ਉਨ੍ਹਾਂ ਦੇ ਖਾਣੇ ਲਈ ਨਿਰਧਾਰਤ ਥਾਵਾਂ ਬਣਾਈਆਂ ਜਾਣ। ਇਸਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਨਵੀਂ ਨੀਤੀ ਲਾਗੂ ਕੀਤੀ ਹੈ।

