ਚੰਡੀਗੜ੍ਹ :- ਪੰਜਾਬ ਦੀ ਰਾਜਨੀਤੀ ਇਕ ਵਾਰ ਫਿਰ ਤੀਖੇ ਹਮਲਿਆਂ ਅਤੇ ਜਵਾਬੀ ਹਮਲਿਆਂ ਵਿੱਚ ਫਸ ਗਈ ਹੈ। ਡਾ. ਨਵਜੋਤ ਕੌਰ ਸਿੱਧੂ ਵੱਲੋਂ “500 ਕਰੋੜ ਦੀ ਅਟੈਚੀ ਬਿਨਾ ਕੋਈ ਸੀਐਮ ਨਹੀਂ ਬਣਦਾ” ਵਾਲਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਖੁੱਲ੍ਹ ਕੇ ਕਾਂਗਰਸ ਨੂੰ ਘੇਰਣ ਵਿੱਚ ਲੱਗੀਆਂ ਹਨ। ਬਿਆਨਾਂ ਦੀ ਇਸ ਗਰਮੀ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਨੇ ਤਿਆਰ ਕੀਤਾ ਇੱਕ AI ਵੀਡੀਓ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿਸਨੂੰ ਪਾਰਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਜਾਰੀ ਕੀਤਾ ਹੈ।
AI ਵੀਡੀਓ ਵਿੱਚ ਕੀ ਦਿਖਾਇਆ ਗਿਆ?
ਅਕਾਲੀ ਦਲ ਦੇ ਇਸ ਡਿਜ਼ੀਟਲ ਹਮਲੇ ਦੀ ਕਹਾਣੀ ‘ਗਾਂਧੀ ਹਾਊਸ’ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ CM ਚੋਣ ਲਈ ਮਸ਼ਵਰਾ ਕਰਦੇ ਦਿਖਾਇਆ ਗਿਆ ਹੈ। ਵੀਡੀਓ ਵਿੱਚ ਵੱਖ–ਵੱਖ ਕਾਂਗਰਸ ਨੇਤਾਵਾਂ ਨੂੰ ਪੈਸਿਆਂ ਵਾਲੀਆਂ ਅਟੈਚੀਆਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
ਸੁੱਖੀ ਦੀ 200 ਕਰੋੜ ਵਾਲੀ ਕੋਸ਼ਿਸ਼
ਸਭ ਤੋਂ ਪਹਿਲਾਂ ‘ਸੁੱਖੀ’ ਕਿਰਦਾਰ 200 ਕਰੋੜ ਦੀ ਅਟੈਚੀ ਲੈ ਕੇ ਗਾਂਧੀ ਹਾਊਸ ਪਹੁੰਚਦਾ ਹੈ, ਪਰ ਵੀਡੀਓ ਅਨੁਸਾਰ ‘ਰਕਮ ਘੱਟ’ ਹੋਣ ਕਾਰਨ ਉਸਨੂੰ ਠੁਕਰਾ ਦਿੱਤਾ ਜਾਂਦਾ ਹੈ।
ਜਾਖੜ ਦੀ 300 ਕਰੋੜ ਅਟੈਚੀ
ਫਿਰ ‘ਜਾਖੜ’ ਦੇ ਨਾਮ ਨਾਲ ਇੱਕ ਹੋਰ ਕਿਰਦਾਰ 300 ਕਰੋੜ ਰੁਪਏ ਨਾਲ ਹਾਈਕਮਾਂਡ ਨੂੰ ਮਿਲਦਾ ਹੈ, ਪਰ ਵੀਡੀਓ ਵਿੱਚ ਇਹ ਰਕਮ ਵੀ ਮਨਜ਼ੂਰ ਨਹੀਂ ਹੁੰਦੀ ਅਤੇ ਉਹ ਨਿਰਾਸ਼ ਹੋ ਕੇ ਵਾਪਸ ਜਾਂਦਾ ਦਿਖਾਇਆ ਗਿਆ ਹੈ।
ਸਿੱਧੂ ਦਾ ਗੁਲਦਸਤਾ
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਫੁੱਲਾਂ ਦਾ ਗੁਲਦਸਤਾ ਪ੍ਰਿਅੰਕਾ ਗਾਂਧੀ ਨੂੰ ਭੇਟ ਕਰਦੇ ਦਿਖਾਇਆ ਗਿਆ ਹੈ। ਪਰ ਵੀਡੀਓ ਦੇ ਅੰਦਰ ਜਿਵੇਂ ਹੀ ਉਹ ਸੀਐਮ ਅਹੁਦੇ ਦੀ ਮੰਗ ਕਰਦੇ ਹਨ, ਪ੍ਰਿਅੰਕਾ ਗੁੱਸੇ ਵਿੱਚ ਗੁਲਦਸਤਾ ਸੁੱਟ ਦਿੰਦੀ ਹੈ ਅਤੇ ਸਿੱਧੂ ਖਾਲੀ ਹੱਥ ਵਾਪਸ ਮੁੜਦੇ ਹਨ।
ਚੰਨੀ ਦੀ 500 ਕਰੋੜ ਨਾਲ ਐਂਟਰੀ
ਅੰਤ ਵਿੱਚ ਚਰਨਜੀਤ ਸਿੰਘ ਚੰਨੀ ਇੱਕ ਆਟੋ ਵਿੱਚ ‘500 ਕਰੋੜ’ ਦੀ ਪਟਟੀ ਲਗਾਏ ਹੋਏ ਦਿਖਾਈ ਦਿੰਦੇ ਹਨ। ਵੀਡੀਓ ਵਿੱਚ ਉਹ ਘਰ–ਘਰ ਜਾ ਕੇ ਪੈਸੇ ਇਕੱਠੇ ਕਰਦੇ ਅਤੇ ਫਿਰ ਇਹ ਅਟੈਚੀ ਗਾਂਧੀ ਪਰਿਵਾਰ ਨੂੰ ਸੌਂਪਦੇ ਹਨ। ਕਹਾਣੀ ਮੁਤਾਬਕ ਇਸ ਤੋਂ ਬਾਅਦ ਚੰਨੀ ਨੂੰ ‘ਸੀਐਮ ਦੀ ਸਹੁੰ’ ਚੁਕਾਈ ਜਾਂਦੀ ਹੈ, ਜਦਕਿ ਹੋਰ ਨੇਤਾ ਨਿਰਾਸ਼ ਦਿਖਾਏ ਗਏ ਹਨ।
ਚੰਨੀ ਕਿਉਂ ਆਏ ਨਿਸ਼ਾਨੇ ’ਤੇ?
ਪੰਜਾਬ ਕਾਂਗਰਸ ਦੇ ਅੰਦਰ 2027 ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਰਕੇ ਅਕਾਲੀ ਦਲ ਨੇ ਵੀਡੀਓ ਵਿੱਚ ਸਭ ਤੋਂ ਵੱਧ ਧਿਆਨ ਉਨ੍ਹਾਂ ’ਤੇ ਕੇਂਦਰਿਤ ਕੀਤਾ ਹੈ। ਪਾਰਟੀ ਦਾ ਉਦੇਸ਼ ਚੰਨੀ ਨੂੰ ਬਿਆਨਬਾਜ਼ੀ ਦੇ ਇਸ ਵਿਵਾਦ ਨਾਲ ਹੀ ਘੇਰਨਾ ਦਿਖਾਈ ਦਿੰਦਾ ਹੈ।
ਨਵਜੋਤ ਕੌਰ ਸਿੱਧੂ ਦਾ ਬਿਆਨ – ਜਿਸ ਨਾਲ ਮਚੀ ਚਰਚਾ
ਸਾਰੇ ਤੂਫ਼ਾਨ ਦੀ ਸ਼ੁਰੂਆਤ ਉਹ ਵੇਲੇ ਹੋਈ ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਕਾਂਗਰਸ ਵਿੱਚ “500 ਕਰੋੜ ਦੀ ਅਟੈਚੀ ਦੇਣ ਵਾਲਾ ਹੀ ਮੁੱਖ ਮੰਤਰੀ ਬਣਦਾ ਹੈ।” ਉਨ੍ਹਾਂ ਦਾਅਵਾ ਕੀਤਾ ਸੀ ਕਿ ਅਜਿਹੇ ਮਾਹੌਲ ਵਿੱਚ ਕਾਬਿਲ ਅਤੇ ਇਮਾਨਦਾਰ ਨੇਤਾ ਕਿਵੇਂ ਉਭਰ ਸਕਦੇ ਹਨ, ਕਿਉਂਕਿ ਪਾਰਟੀ ਅੰਦਰ ਹੀ ਕਈ–ਕਈ ਸੀਐਮ ਉਮੀਦਵਾਰ ਦੌੜ ਵਿੱਚ ਘੁੰਮ ਰਹੇ ਹਨ।

