ਜਲੰਧਰ :- ਜ਼ਿਲ੍ਹੇ ਵਿੱਚ ਤੰਬਾਕੂ ਕੰਟਰੋਲ ਕਾਨੂੰਨ ਦੀ ਸਖ਼ਤ ਪਾਲਣਾ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਅੱਜ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਲੰਧਰ ਬਾਈਪਾਸ ਰੋਡ ਅਤੇ ਨਾਲ-ਲੱਗਦੇ ਇਲਾਕਿਆਂ ਵਿੱਚ ਜਾਂਚ ਦੌਰਾਨ ਕੁੱਲ 10 ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ’ਤੇ ਚਲਾਨ ਕੀਤੇ ਗਏ।
ਮੈਦਾਨ ਵਿੱਚ ਉਤਰੀ ਸਿਹਤ ਟੀਮ, ਲੋਕਾਂ ਨੂੰ ਦਿੱਤੀ ਸਿੱਖਿਆ
ਜਾਂਚ ਟੀਮ ਨੇ ਤੰਬਾਕੂ ਵੇਚਣ ਵਾਲੀਆਂ ਸਥਾਨਕ ਦੁਕਾਨਾਂ ਦਾ ਨਿਰੀਖਣ ਕਰਨ ਦੇ ਨਾਲ ਨਾਲ ਮੌਜੂਦ ਲੋਕਾਂ ਨੂੰ ਤੰਬਾਕੂ ਦੇ ਸਿਹਤ-ਵਿਰੋਧੀ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਟੀਮ ਦੀ ਅਗਵਾਈ ਜ਼ਿਲਾ ਮਾਸ ਮੀਡੀਆ ਅਧਿਕਾਰੀ ਪਰਮਿੰਦਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਅਤੇ ਵਾਰਡ ਅਟੈਂਡੈਂਟ ਸਨੀ ਕੁਮਾਰ ਨੇ ਕੀਤੀ। ਉਹਨਾਂ ਕਿਹਾ ਕਿ ਮੂੰਹ, ਗਲੇ, ਜਬਾੜੇ ਅਤੇ ਫੇਫੜਿਆਂ ਨਾਲ ਸੰਬੰਧਿਤ ਕੈਂਸਰ ਦੇ ਜ਼ਿਆਦਾਤਰ ਮਰੀਜ਼ ਤੰਬਾਕੂ ਦੀ ਲਤ ਕਾਰਨ ਹੀ ਸਾਹਮਣੇ ਆਉਂਦੇ ਹਨ।
ਜ਼ਿਲੇ ਭਰ ਵਿੱਚ ਜਾਗਰੂਕਤਾ ਮੁਹਿੰਮ ਜਾਰੀ – ਸਿਵਲ ਸਰਜਨ
ਜ਼ਿਲ੍ਹੇ ਦੀ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਪੂਰੇ ਜਿਲ੍ਹੇ ਵਿੱਚ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ—
-
ਲੋਕਾਂ ਨੂੰ ਤੰਬਾਕੂ ਦੇ ਨੁਕਸਾਨ ਬਾਰੇ ਵਿਸਥਾਰ ਵਿੱਚ ਸਮਝਾਇਆ ਜਾ ਰਿਹਾ ਹੈ।
-
ਸਕੂਲਾਂ ਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਖ਼ਾਸ ਤੌਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ।
-
ਜਿੱਥੇ ਵੀ ਐਕਟ ਦੀ ਉਲੰਘਣਾ ਬੇਨਕਾਬ ਹੁੰਦੀ ਹੈ, ਤੁਰੰਤ ਚਲਾਨ ਕੀਤੇ ਜਾਂਦੇ ਹਨ।
-
ਨਾਬਾਲਗਾਂ ਨੂੰ ਤੰਬਾਕੂ ਵੇਚਣਾ ਗੈਰਕਾਨੂੰਨੀ : ਡਾ. ਆਸ਼ੀਸ਼ ਚਾਵਲਾ
ਡਿਸਟ੍ਰਿਕਟ ਨੋਡਲ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਪਰੋਡਕਟ ਵੇਚਣਾ ਪੂਰੀ ਤਰ੍ਹਾਂ ਮਨਾਹੀ ਹੈ।
ਉਨ੍ਹਾਂ ਯਾਦ ਦਿਵਾਇਆ ਕਿ—
-
ਕਿਸੇ ਵੀ ਸਿੱਖਿਆ ਸੰਸਥਾ ਦੇ 100 ਗਜ ਦੇ ਘੇਰੇ ਵਿੱਚ ਤੰਬਾਕੂ ਦੀ ਵਿਕਰੀ ਜਾਂ ਵਰਤੋਂ ਮਨਜ਼ੂਰ ਨਹੀਂ।
-
ਸਰਕਾਰੀ ਦਫ਼ਤਰ, ਮਾਲ, ਬੱਸ ਅੱਡੇ, ਰੇਲਵੇ ਸਟੇਸ਼ਨ ਵਰਗੀਆਂ ਥਾਵਾਂ ਨੂੰ ਤੰਬਾਕੂ-ਮੁਕਤ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
-
ਇਨ੍ਹਾਂ ਸਥਾਨਾਂ ’ਤੇ ਤੰਬਾਕੂ ਖਾਣ, ਪੀਣ ਜਾਂ ਕਿਸੇ ਵੀ ਰੂਪ ਵਿੱਚ ਵਰਤੋਂ ਕਰਨ ਵਾਲੇ ’ਤੇ ਕਾਰਵਾਈ ਕੀਤੀ ਜਾਏਗੀ।

