ਚੰਡੀਗੜ੍ਹ ,:-;ਸੂਬੇ ਭਰ ਵਿਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ ਤੇ ਸਰਦੀ ਦਾ ਰੁਖ ਹੁਣ ਤਿੱਖਾ ਹੋਣ ਲੱਗਾ ਹੈ। ਮੰਗਲਵਾਰ ਨੂੰ ਪੰਜਾਬ ਦੇ ਬਹੁਤ ਸਾਰੇ ਹਿਸਿਆਂ ਵਿਚ ਠੰਢ ਪਿਛਲੇ ਦਿਨਾਂ ਦੇ ਮੁਕਾਬਲੇ ਕਾਫ਼ੀ ਵੱਧ ਮਹਿਸੂਸ ਕੀਤੀ ਗਈ। ਰੂਪਨਗਰ ਰਾਜ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਤੱਕ ਘਟ ਗਿਆ।
ਮੁੱਖ ਜ਼ਿਲ੍ਹਿਆਂ ਵਿੱਚ ਪਾਰਾ ਘਟਿਆ
ਫ਼ਰੀਦਕੋਟ ਵਿੱਚ 3.8 ਡਿਗਰੀ, ਹੁਸ਼ਿਆਰਪੁਰ ’ਚ 4.8 ਡਿਗਰੀ, ਗੁਰਦਾਸਪੁਰ ’ਚ 5.0 ਡਿਗਰੀ, ਪਠਾਨਕੋਟ ਵਿੱਚ 5.6 ਡਿਗਰੀ ਤੇ ਬਠਿੰਡਾ ’ਚ 5.8 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ।
ਅੰਮ੍ਰਿਤਸਰ ’ਚ 6.1 ਡਿਗਰੀ, ਫਿਰੋਜ਼ਪੁਰ ਵਿੱਚ 7.3, ਚੰਡੀਗੜ੍ਹ ’ਚ 8.6, ਲੁਧਿਆਣਾ ’ਚ 9.2 ਅਤੇ ਪਟਿਆਲਾ ’ਚ 10.1 ਡਿਗਰੀ ਪਾਰਾ ਰਿਹਾ।
ਦਿਨ ਦੇ ਸਮੇਂ ਬਹੁਤੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ, ਪਰ ਹਵਾ ਵਿੱਚ ਜ਼ੋਰਦਾਰ ਠੰਢਕ ਬਣੀ ਰਹੀ।
ਬੁੱਧਵਾਰ ਤੋਂ ਵੱਜੇਗੀ ਸੀਤ ਲਹਿਰ
ਮੌਸਮ ਕੇਂਦਰ ਚੰਡੀਗੜ੍ਹ ਨੇ ਜਾਰੀ ਅਨੁਮਾਨ ਵਿੱਚ ਚੇਤਾਵਨੀ ਦਿੱਤੀ ਹੈ ਕਿ ਬੁੱਧਵਾਰ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੀਤ ਲਹਿਰ ਦਾ ਦੌਰ ਸ਼ੁਰੂ ਹੋ ਸਕਦਾ ਹੈ, ਜੋ ਕਿ ਵੀਰਵਾਰ ਤੱਕ ਕਾਇਮ ਰਹਿਣ ਦੀ ਸੰਭਾਵਨਾ ਹੈ।
ਸੀਤ ਲਹਿਰ ਦੌਰਾਨ ਰਾਤ ਦੇ ਪਾਰੇ ਵਿੱਚ ਹੋਰ ਵੀ ਤੀਬਰ ਗਿਰਾਵਟ ਆ ਸਕਦੀ ਹੈ ਅਤੇ ਕੁਝ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਤੱਕ ਲੁੱਡਕ ਸਕਦਾ ਹੈ।
ਸ਼ਨੀਵਾਰ ਤੋਂ ਮੁੜ ਸਾਫ਼ ਮੌਸਮ ਦੀ ਉਮੀਦ
ਮੌਸਮ ਵਿਭਾਗ ਮੁਤਾਬਕ, ਦੋ ਦਿਨ ਸੀਤ ਲਹਿਰ ਦੇ ਪ੍ਰਭਾਵ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ, ਪਰ ਸਵੇਰ-ਸ਼ਾਮ ਦੀ ਠੰਢ ਆਪਣੇ ਚਰਮ ’ਤੇ ਰਹੇਗੀ।

