ਚੰਡੀਗੜ੍ਹ :- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਨਿੱਜੀ ਸੁਰੱਖਿਆ ਅਫ਼ਸਰ (PSO) ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ 2015 ਦੇ ਇੱਕ ਨਸ਼ਾ ਤਸਕਰੀ ਮਾਮਲੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ।
2015 ਦੇ ਨਸ਼ਾ ਤਸਕਰੀ ਕੇਸ ਨਾਲ ਜੁੜਿਆ ਨਾਮ
ਪੁਲਿਸ ਜਾਣਕਾਰੀ ਮੁਤਾਬਕ, ਜੋਗਾ ਸਿੰਘ ਫਾਜ਼ਿਲਕਾ ਪੁਲਿਸ ਨੂੰ 2015 ਵਿੱਚ ਦਰਜ ਇੱਕ ਨਸ਼ਾ ਤਸਕਰੀ ਮਾਮਲੇ ਵਿੱਚ ਲੋੜੀਂਦਾ ਸੀ। ਇਸ ਮਾਮਲੇ ਵਿੱਚ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਸਮੇਤ 9 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਸ ਸਮੇਂ 2 ਕਿਲੋਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, 2 ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਗੱਡੀ ਬਰਾਮਦ ਕੀਤੀ ਗਈ ਸੀ। ਜਾਂਚ ਦੌਰਾਨ ਜੋਗਾ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸ ਕਾਰਨ ਉਸ ਦੀ ਲੰਬੇ ਸਮੇਂ ਤੋਂ ਤਲਾਸ਼ ਜਾਰੀ ਸੀ।
ਐਸਆਈਟੀ ਦੀ ਜਾਂਚ ਅਤੇ ਖਹਿਰਾ ਦਾ ਇਨਕਾਰ
ਇਸ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਖ਼ਾਸ ਜਾਂਚ ਟੀਮ (SIT) ਬਣਾਈ ਗਈ ਸੀ, ਜਿਸਦੀ ਅਗਵਾਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਕਰ ਰਹੇ ਹਨ। ਇਸ ਕੇਸ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਪੁਲਿਸ ਵੱਲੋਂ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਖਹਿਰਾ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦੇ ਆਏ ਹਨ ਕਿ ਉਨ੍ਹਾਂ ਦਾ ਇਸ ਨਸ਼ਾ ਤਸਕਰੀ ਮਾਮਲੇ ਨਾਲ ਕੋਈ ਵੀ ਸਬੰਧ ਹੈ।