ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ‘ਭਾਰਤ ਛੱਡੋ ਅੰਦੋਲਨ’ ਦੀ 83ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬਾਪੂ ਦੀ ਅਗਵਾਈ ਹੇਠ ਲੜਨ ਵਾਲੇ ਸੂਰਮਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਯੋਧੇ ਸਨ ਜਿਨ੍ਹਾਂ ਦੀ ਦਲੇਰੀ ਨੇ ਦੇਸ਼ ਭਗਤੀ ਦੀ ਅਜਿਹੀ ਚਿੰਗਾਰੀ ਸੁਲਗਾਈ ਜੋ ਆਜ਼ਾਦੀ ਦੀ ਤਲਾਸ਼ ਵਿੱਚ ਲੱਖਾਂ ਲੋਕਾਂ ਨੂੰ ਇਕ ਝੰਡੇ ਹੇਠ ਲੈ ਆਈ।
ਮੋਦੀ ਨੇ ਆਪਣਾ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ “ਅਸੀਂ ਉਨ੍ਹਾਂ ਸਾਰੇ ਬਹਾਦਰਾਂ ਨੂੰ ਆਦਰ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਬਾਪੂ ਦੀ ਪ੍ਰੇਰਕ ਸੋਚ ਨਾਲ ਇਸ ਸੰਘਰਸ਼ ਵਿੱਚ ਹਿੱਸਾ ਲਿਆ।” ਯਾਦ ਰਹੇ ਕਿ 1942 ਵਿੱਚ ਮਹਾਤਮਾ ਗਾਂਧੀ ਨੇ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਮੰਗ ਕਰਦਿਆਂ ਇਹ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਦੇ ਜਵਾਬ ਵਿੱਚ ਅੰਗਰੇਜ਼ ਸਰਕਾਰ ਨੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਹ ਮੁਹਿੰਮ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਈ ਸੀ।