ਗੋਆ :- ਗੋਆ ਦੇ ਅਰਪੋਰਾ ਇਲਾਕੇ ਵਿੱਚ ਵਾਪਰੇ ਭਿਆਨਕ ਅੱਗ ਕਾਂਡ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵੱਲੋਂ ਜਾਰੀ ਕੀਤੀ ਜਾਵੇਗੀ। ਪੀਐਮਓ ਨੇ X ’ਤੇ ਪੋਸਟ ਕਰਕੇ ਇਸਦੀ ਪੁਸ਼ਟੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ’ਤੇ ਜਤਾਇਆ ਗਹਿਰਾ ਦੁੱਖ
ਮੋਦੀ ਨੇ X ’ਤੇ ਲਿਖਿਆ ਕਿ ਅਰਪੋਰਾ ਦੀ ਅੱਗ ਦੀ ਘਟਨਾ ਬਹੁਤ ਹੀ ਮਨਾ ਝੰਝੋੜ ਦੇਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਨ। ਉਨ੍ਹਾਂ ਨੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਗੱਲ ਕਰਕੇ ਹਾਲਾਤ ਬਾਰੇ ਜਾਣਕਾਰੀ ਵੀ ਲਈ।
ਹਾਦਸੇ ਵਿਚ 23 ਜਾਨਾਂ ਗਈਆਂ
ਅਰਪੋਰਾ ਦੇ ਇੱਕ ਰੈਸਟੋਰੈਂਟ-ਕਮ-ਨਾਈਟ ਕਲੱਬ ਵਿੱਚ ਅੱਧੀ ਰਾਤ ਅੱਗ ਲੱਗਣ ਨਾਲ 23 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅੱਗ ਲੱਗਣ ਦੇ ਤੁਰੰਤ ਬਾਅਦ ਰਾਹਤ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਨੇੜਲੀਆਂ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੇ ਅਸਲੀ ਕਾਰਨ ਦੀ ਪੜਤਾਲ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ, ਸਰਕਾਰ ਮ੍ਰਿਤਕ ਪਰਿਵਾਰਾਂ ਨੂੰ ਰਾਹਤ ਅਤੇ ਜ਼ਖ਼ਮੀਆਂ ਨੂੰ ਮੈਡਿਕਲ ਮਦਦ ਮੁਹੱਈਆ ਕਰਵਾ ਰਹੀ ਹੈ।
ਮੁੱਖ ਮੰਤਰੀ ਸਾਵੰਤ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ
ਗੋਆ ਸੀਐਮ ਪ੍ਰਮੋਦ ਸਾਵੰਤ ਮੌਕੇ ’ਤੇ ਪਹੁੰਚੇ ਅਤੇ ਹਾਦਸੇ ਨੂੰ ਰਾਜ ਲਈ ਬਹੁਤ ਦੁਖਦਾਈ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੂਰੀ ਜਾਂਚ ਹੋਵੇਗੀ ਅਤੇ ਜਿਹੜੇ ਵੀ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ ’ਤੇ ਕਾਨੂੰਨ ਤਹਿਤ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ
ਇਹ ਹਾਦਸਾ ਰਾਜ ਦੇ ਨਾਈਟ ਕਲੱਬਾਂ ਅਤੇ ਰੈਸਟੋਰੈਂਟਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਜਾਂਚ ਵਿੱਚ ਇਹ ਵੀ ਵੇਖਿਆ ਜਾਵੇਗਾ ਕਿ ਕੀ ਸਥਾਨ ’ਤੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਹੋਈ ਸੀ ਜਾਂ ਨਹੀਂ।

