ਨਵੀਂ ਦਿੱਲੀ :- ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਸੰਚਾਲਨ ਸੰਕਟ ਵਿੱਚ ਫਸੀ ਹੋਈ ਹੈ। ਬੀਤੇ ਵੀਰਵਾਰ ਨੂੰ ਵੀ ਸੈਂਕੜਿਆਂ ਯਾਤਰੀਆਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ, ਜਦੋਂ ਵੱਡੀ ਗਿਣਤੀ ਵਿੱਚ ਉਡਾਣਾਂ ਆਖ਼ਰੀ ਪਲ ਰੱਦ ਕਰ ਦਿੱਤੀਆਂ ਗਈਆਂ। ਅਚਾਨਕ ਪੈਦਾ ਹੋਈ ਅਵਿਵਸਥਾ ਕਾਰਨ ਹਵਾਈ ਅੱਡਿਆਂ ‘ਤੇ ਭਾਰੀ ਭੰਨਤ ਅਤੇ ਲੰਬੀਆਂ ਕਤਾਰਾਂ ਦੇ ਦਰਸ਼ਨ ਮਿਲੇ।
ਏਅਰਲਾਈਨ ਨੇ ਤੋੜੀ ਚੁੱਪੀ, ਗਾਹਕਾਂ ਤੋਂ ਮੰਗੀ ਮਾਫ਼ੀ
ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਅਤੇ ਗਹਿਮਾਗਹਮੀ ਦੇ ਵਿਚਕਾਰ ਇੰਡੀਗੋ ਨੇ ਅਖ਼ਿਰਕਾਰ ਆਪਣਾ ਅਧਿਕਾਰਤ ਰੁਖ ਸਾਹਮਣੇ ਰੱਖਦਿਆਂ ਸੋਸ਼ਲ ਮੀਡੀਆ ‘ਐਕਸ’ ‘ਤੇ ਬਿਆਨ ਜਾਰੀ ਕੀਤਾ। ਏਅਰਲਾਈਨ ਨੇ ਮੰਨਿਆ ਕਿ ਪਿਛਲੇ ਦੋ ਦਿਨਾਂ ਵਿੱਚ ਉਨ੍ਹਾਂ ਦੇ ਨੈੱਟਵਰਕ ‘ਚ ਵੱਡਾ ਵਿਘਨ ਪਿਆ ਹੈ, ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਕਿਹਾ ਕਿ ਯਾਤਰੀਆਂ ਨੂੰ ਹੋਈ ਅਸੁਵਿਧਾ ‘ਤੇ ਉਨ੍ਹਾਂ ਨੂੰ “ਡੂੰਘਾ ਅਫਸੋਸ” ਹੈ।
ਸਥਿਤੀ ਸੰਭਾਲਣ ਲਈ ਕਈ ਏਜੰਸੀਆਂ ਇਕੱਠੇ ਕੰਮ ‘ਚ
ਇੰਡੀਗੋ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀਆਂ ਟੀਮਾਂ MOCA, DGCA, BCAS, AAI ਅਤੇ ਵੱਖ–ਵੱਖ ਏਅਰਪੋਰਟ ਆਪਰੇਟਰਾਂ ਨਾਲ ਮਿਲ ਕੇ ਉਡਾਣਾਂ ਦੇਰ ਨਾਲ ਚੱਲਣ ਕਾਰਨ ਪੈਦਾ ਹੋ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਯਤਨਸ਼ੀਲ ਹਨ। ਹਵਾਈ ਅੱਡਿਆਂ ‘ਤੇ ਸਟਾਫ਼ ਦੀ ਵਧੀ ਡਿਊਟੀ ਅਤੇ ਰੀਸ਼ਡਿਊਲਿੰਗ ਪ੍ਰਕਿਰਿਆ ਨੂੰ ਵੀ ਤੇਜ਼ ਗਤੀ ਨਾਲ ਨਿਭਾਇਆ ਜਾ ਰਿਹਾ ਹੈ।
IGI ਏਅਰਪੋਰਟ ਦਿੱਲੀ ‘ਚ ਸਭ ਤੋਂ ਵੱਧ ਅਸਰ
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਥਿਤੀ ਸਭ ਤੋਂ ਜ਼ਿਆਦਾ ਗੰਭੀਰ ਰਹੀ। ਵੀਰਵਾਰ ਨੂੰ ਲਗਭਗ 150 ਫਲਾਈਟਾਂ ya ਤਾਂ ਰੱਦ ਹੋਈਆਂ ਜਾਂ ਭਾਰੀ ਦੇਰੀ ਨਾਲ ਚੱਲੀਆਂ। ਖ਼ਬਰਾਂ ਮੁਤਾਬਕ, ਇੰਡੀਗੋ ਇਸ ਸਮੇਂ ਹਰ ਰੋਜ਼ 170 ਤੋਂ 200 ਉਡਾਣਾਂ ਰੱਦ ਕਰਨ ਲਈ ਮਜ਼ਬੂਰ ਹੈ, ਜਿਸ ਨਾਲ ਯਾਤਰੀ ਤੰਗ ਅਤੇ ਪ੍ਰੇਸ਼ਾਨ ਹਨ।
ਯਾਤਰੀਆਂ ਲਈ ਮਹੱਤਵਪੂਰਣ ਸਲਾਹ
ਏਅਰਲਾਈਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਲਈ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੀ ਤਾਜ਼ਾ ਸਥਿਤੀ ਦੀ ਜਾਂਚ ਜ਼ਰੂਰ ਕਰਨ। ਕੰਪਨੀ ਨੇ ਭਰੋਸਾ ਦਵਾਇਆ ਕਿ ਉਹ ਹਰ ਸੰਭਵ ਤਰੀਕੇ ਨਾਲ ਯਾਤਰੀਆਂ ਨੂੰ ਬਦਲਾਅ ਬਾਰੇ ਤੁਰੰਤ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ।
‘ਬੈਸਟ ਏਅਰਲਾਈਨ’ ਦਾ ਖ਼ਿਤਾਬ ਮਿਲ ਚੁੱਕਾ ਹੈ ਇੰਡੀਗੋ ਨੂੰ
ਕਾਬਲ-ਏ-ਜ਼ਿਕਰ ਹੈ ਕਿ ਇੰਡੀਗੋ ਰੋਜ਼ਾਨਾ 2300 ਤੋਂ ਵੱਧ ਉਡਾਣਾਂ ਚਲਾਉਂਦੀ ਹੈ ਅਤੇ ਪਿਛਲੇ ਦਿਨੀਂ ਇਸਨੂੰ ‘ਬੈਸਟ ਏਅਰਲਾਈਨ’ ਦਾ ਸਨਮਾਨ ਵੀ ਮਿਲਿਆ ਸੀ। ਪਰ ਮੌਜੂਦਾ ਸੰਕਟ ਕਾਰਨ ਕੰਪਨੀ ਦੀ ਸਾਖ਼ ਅਤੇ ਯਾਤਰੀਆਂ ਦੀ ਨਾਰਾਜ਼ਗੀ ਦੋਵੇਂ ਚਰਚਾ ‘ਚ ਹਨ।

