ਅੰਮ੍ਰਿਤਸਰ :- ਡੇਰਾ ਬਿਆਸ ਦੇ ਮੌਜੂਦਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਅਰਦਾਸ ਭੇਟ ਕੀਤੀ। ਹਜ਼ੂਰੀ ਰਾਗੀਆਂ ਵੱਲੋਂ ਕੀਤੇ ਜਾ ਰਹੇ ਕੀਰਤਨ ਦਾ ਵੀ ਰੱਸ ਆਨੰਦ ਮਾਣਦੇ ਹੋਏ ਬਾਬਾ ਜੀ ਨੇ ਦੇਸ਼ ਅਤੇ ਸਮੂਹ ਸੰਸਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ।
ਮੀਡੀਆ ਤੋਂ ਦੂਰੀ, ਕਿਸੇ ਵੀ ਮਸਲੇ ‘ਤੇ ਟਿੱਪਣੀ ਤੋਂ ਇਨਕਾਰ
ਦਰਸ਼ਨਾ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਮੇਸ਼ਾਂ ਦੀ ਤਰ੍ਹਾਂ ਮੀਡੀਆ ਤੋਂ ਪਰੇ ਰਹੇ। ਮੌਜੂਦਾ ਰਾਜਨੀਤਿਕ ਜਾਂ ਸਾਮਾਜਕ ਮਾਮਲਿਆਂ ਬਾਰੇ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਗੁਰੇਜ਼ ਕੀਤਾ।
ਛੇ ਮਹੀਨਿਆਂ ਵਿੱਚ ਦੂਜੀ ਵਾਰ ਦਰਬਾਰ ਸਾਹਿਬ ਹਾਜ਼ਰੀ
ਬਾਬਾ ਜੀ ਪਿਛਲੇ ਛੇ ਮਹੀਨਿਆਂ ਦੌਰਾਨ ਦੂਜੀ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾ ਲਈ ਪਹੁੰਚੇ ਹਨ। ਅੱਜ ਸਵੇਰੇ ਤੋਂ ਹੀ ਪਲਾਜ਼ਾ ਇਲਾਕੇ ਵਿੱਚ ਸੈਂਕੜੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਸੀ। ਬਾਬਾ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਪੂਰੇ ਖੇਤਰ ਵਿੱਚ ਕਾਫ਼ੀ ਰੌਣਕ ਰਹੀ ਅਤੇ ਸੰਗਤਾਂ ਵਿੱਚ ਉਹਨਾਂ ਦੇ ਦਰਸ਼ਨ ਲਈ ਕਾਫੀ ਉਤਸ਼ਾਹ ਦਿੱਖ ਰਿਹਾ ਸੀ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਜੀ ਆਪਣੀ ਟੀਮ ਅਤੇ ਕਾਫ਼ਲੇ ਸਮੇਤ ਅਗਲੇ ਪੜਾਅ ਲਈ ਰਵਾਨਾ ਹੋ ਗਏ।

