ਨਵੀਂ ਦਿੱਲੀ :- ਦੱਖਣੀ ਗਾਜ਼ਾ ਵਿੱਚ ਬੁੱਧਵਾਰ ਦੇਰ ਰਾਤ ਇਜ਼ਰਾਈਲੀ ਜਹਾਜ਼ਾਂ ਨੇ ਅਚਾਨਕ ਬੰਬਬਾਰੀ ਕੀਤੀ, ਜਿਸ ਨਾਲ ਖੇਤਰ ਵਿੱਚ ਇੱਕ ਵਾਰ ਫਿਰ ਜੰਗ ਦਾ ਖ਼ਤਰਾ ਗਹਿਰਾ ਗਿਆ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੇ ਪੰਜ ਸੈਨਿਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ “ਜਰੂਰੀ ਜਵਾਬੀ ਹਮਲਾ” ਸੀ। ਇਹ ਸਭ ਉਸ ਵੇਲੇ ਹੋਇਆ ਜਦੋਂ ਇਲਾਕੇ ਵਿੱਚ ਸੀਜਫਾਇਰ ਲਾਗੂ ਸੀ ਅਤੇ ਦੋਵੇਂ ਪਾਸੇ ਟਕਰਾਅ ਤੋਂ ਬਚਣ ਦੇ ਦਾਅਵੇ ਕਰ ਰਹੇ ਸਨ।
ਨੇਤਨਯਾਹੂ ਦਾ ਸਖ਼ਤ ਸੰਦੇਸ਼: “ਹਮਾਸ ਨੇ ਨਿਯਮ ਤੋੜੇ, ਸਾਨੂੰ ਜਵਾਬ ਦੇਣਾ ਹੀ ਸੀ”
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਹਮਾਸ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਕਰਕੇ ਹਵਾਈ ਹਮਲਾ ਲਾਜ਼ਮੀ ਹੋ ਗਿਆ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਹਮਾਸ ਦੇ ਲੜਾਕੇ ਇੱਕ ਸੁਰੰਗ ਵਿੱਚੋਂ ਨਿਕਲ ਕੇ ਇਜ਼ਰਾਈਲੀ ਸੈਨਿਕਾਂ ਪਰ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦਾ ਜਵਾਬ ਤੁਰੰਤ ਕਾਰਵਾਈ ਰਾਹੀਂ ਦਿੱਤਾ ਗਿਆ।
ਹਮਾਸ ਨੇ ਲਗਾਇਆ ਵੱਡਾ ਦੋਸ਼, ਗਾਜ਼ਾ ਸਿਹਤ ਅਧਿਕਾਰੀ ਬੋਲੇ—“ਸੀਜਫਾਇਰ ਸਿਰਫ਼ ਕਾਗਜ਼ੀ ਹੈ”
ਹਮਾਸ ਨੇ ਇਜ਼ਰਾਈਲ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਅਸਲ ਉਲੰਘਣਾ ਇਜ਼ਰਾਈਲ ਵੱਲੋਂ ਕੀਤੀ ਗਈ।
ਗਾਜ਼ਾ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ ਦੇ ਅੰਤ ਵਾਲੀ ਹਿੰਸਾ ਵਿੱਚ 104 ਲੋਕ ਜਾਨ ਗੁਆ ਬੈਠੇ ਸਨ, ਜਦਕਿ ਨਵੰਬਰ ਵਿੱਚ 33 ਹੋਰ ਮੌਤਾਂ ਹੋਈਆਂ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ “ਸੀਜਫਾਇਰ ਮੈਦਾਨ ਵਿੱਚ ਨਜ਼ਰ ਨਹੀਂ ਆ ਰਿਹਾ, ਹਮਲਿਆਂ ਦੀ ਲੜੀ ਜਾਰੀ ਹੈ।”
ਉੱਤਰੀ ਗਾਜ਼ਾ ‘ਚੋਂ ਮਿਲੇ ਅਵਸ਼ੇਸ਼—ਸ਼ਾਇਦ ਆਖਰੀ ਬੰਧਕਾਂ ਦੇ ਹੋਣ ਦੀ ਅਸ਼ੰਕਾ
ਇਜ਼ਰਾਈਲੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਉੱਤਰੀ ਗਾਜ਼ਾ ਤੋਂ ਕੁਝ ਸਰੀਰਕ ਅਵਸ਼ੇਸ਼ ਮਿਲੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਅਵਸ਼ੇਸ਼ ਉਹਨਾਂ ਆਖਰੀ ਬੰਧਕਾਂ ਦੇ ਹੋ ਸਕਦੇ ਹਨ ਜਿਨ੍ਹਾਂ ਨੂੰ ਹਮਾਸ ਨੇ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਅਗਵਾ ਕੀਤਾ ਸੀ।
ਖੇਤਰ ਦਾ ਮਾਹੌਲ ਫਿਰ ਬਦਲਿਆ, ਜੰਗਬੰਦੀ ਕਾਗਜ਼ਾਂ ‘ਤੇ, ਮੈਦਾਨ ਵਿੱਚ ਤਣਾਅ
ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਤਣਾਅ ਤੇਜ਼ ਹੋ ਰਿਹਾ ਹੈ। ਇੱਕ ਪਾਸੇ ਦੋਸ਼, ਦੂਜੇ ਪਾਸੇ ਜਵਾਬੀ ਦੋਸ਼—ਦੋਵੇਂ ਧਿਰਾਂ ਵਿੱਚ ਭਰੋਸੇ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਜੰਗਬੰਦੀ ਦੀਆਂ ਕੋਸ਼ਿਸ਼ਾਂ ਕਈ ਵਾਰ ਹੋ ਚੁੱਕੀਆਂ ਹਨ, ਪਰ ਹਕੀਕਤ ਇਹ ਹੈ ਕਿ ਹਮਲੇ ਅਤੇ ਕਾਰਵਾਈਆਂ ਦੋਵੇਂ ਪਾਸਿਆਂ ਤੋਂ ਨਹੀਂ ਰੁਕ ਰਹੀਆਂ।

