ਚੰਡੀਗੜ੍ਹ :- ਭਾਖੜਾ ਡੈਮ ਦੇ ਸਥਾਪਨਾ ਤੋਂ ਲੈ ਕੇ ਹੁਣ ਤੱਕ 7 ਦਹਾਕਿਆਂ ਵਿੱਚ ਪਹਿਲੀ ਵਾਰ ਗੋਬਿੰਦ ਸਾਗਰ ਝੀਲ ਦੀ ਤਲਹੱਟੀ ਵਿੱਚ ਜਮੀਂ ਗਾਦ ਕੱਢਣ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਇਸ ਮਹੱਤਵਪੂਰਨ ਕਾਰਜ ਨੂੰ ਅੰਜਾਮ ਦੇਣ ਲਈ ਦੱਸ ਮਾਹਿਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ ਪ੍ਰੋਜੈਕਟ ਦੀ ਤਿਆਰੀ ਤੋਂ ਲੈ ਕੇ ਤਾਮੀਲ ਤੱਕ ਪੂਰਾ ਫਰੇਮਵਰਕ ਤੈਅ ਕਰੇਗੀ।
ਮੌਕੇ ਦੀ ਨਿਗਰਾਨੀ ਲਈ BBMB ਦੇ ਚੀਫ਼ ਇੰਜੀਨੀਅਰ ਵੀ ਕਮੇਟੀ ਵਿੱਚ ਸ਼ਾਮਲ
ਕਮੇਟੀ ਵਿੱਚ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਨੂੰ ਵੀ ਖ਼ਾਸ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਟੀਮ ਡੈਮ ਦੀ ਮੌਜੂਦਾ ਸਥਿਤੀ ਦੀ ਮੈਦਾਨੀ ਜਾਂਚ ਕਰੇਗੀ, ਗਾਦ ਦੇ ਪੱਧਰ ਦਾ ਮੁਲਾਂਕਣ ਕਰੇਗੀ ਅਤੇ ਡੀ-ਸਿਲਟਿੰਗ ਲਈ ਤਰੀਕਾ-ਇ-ਕਾਰ ਤਿਆਰ ਕਰੇਗੀ। ਇਤਿਹਾਸ ਵਿੱਚ ਪਹਿਲੀ ਵਾਰ ਡੈਮ ਦੇ ਪਿੱਛੇ ਬਣੀ ਵਿਸ਼ਾਲ ਝੀਲ ਦੀ ਇੰਨੀ ਵੱਡੀ ਸਫ਼ਾਈ ਕੀਤੀ ਜਾਵੇਗੀ।
ਝੀਲ ਦਾ 25% ਹਿੱਸਾ ਗਾਦ ਨਾਲ ਭਰਿਆ, ਨਵੇਂ ਅੰਕੜਿਆਂ ਨੇ ਚਿੰਤਾ ਵਧਾਈ
BBMB ਮੁਤਾਬਕ, ਗੋਬਿੰਦ ਸਾਗਰ ਝੀਲ ਦੀ ਨਿਯਮਤ ਮਾਨਟਰਿੰਗ ਪਿਛਲੇ ਦੋ ਸਾਲਾਂ ਤੋਂ ਕੀਤੀ ਜਾ ਰਹੀ ਸੀ। ਨਵੀਆਂ ਰਿਪੋਰਟਾਂ ਵਿੱਚ ਪਤਾ ਲੱਗਾ ਹੈ ਕਿ ਝੀਲ ਦੀ ਲਗਭਗ ਚੌਥਾਈ ਸਮਰੱਥਾ ਹੁਣ ਗਾਦ ਨਾਲ ਢੱਕ ਚੁੱਕੀ ਹੈ। ਇਹ ਅੰਕੜਾ ਨਾ ਸਿਰਫ਼ ਚਿੰਤਾਜਨਕ ਹੈ, ਸਗੋਂ ਭਵਿੱਖ ਵਿੱਚ ਪਾਣੀ ਸਟੋਰੇਜ ਅਤੇ ਬਿਜਲੀ ਉਤਪਾਦਨ ‘ਤੇ ਵੀ ਅਸਰ ਪਾ ਸਕਦਾ ਹੈ।
ਸਟੋਰੇਜ ਸਮਰੱਥਾ ਅਤੇ ਬਿਜਲੀ ਉਤਪਾਦਨ ਬਚਾਉਣ ਲਈ ਲੋੜੀਂਦੀ ਹੈ ਡੀ-ਸਿਲਟਿੰਗ
ਗਾਦ ਦੇ ਵੱਧਦੇ ਭੰਡਾਰ ਨਾਲ ਡੈਮ ਦੀ ਜਲ ਸੰਭਾਲ ਸਮਰੱਥਾ ਲਗਾਤਾਰ ਘੱਟ ਰਹੀ ਹੈ, ਜਿਸ ਨਾਲ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਅਤੇ ਹਾਈਡ੍ਰੋ ਪਾਵਰ ਜਨਰੇਸ਼ਨ ਦੋਵੇਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇੰਜੀਨੀਅਰ ਸੀ.ਪੀ. ਸਿੰਘ ਦੀ ਮੰਨਤਾ ਹੈ ਕਿ ਜੇਕਰ ਇਸ ਮੌਕੇ ‘ਤੇ ਡੀ-ਸਿਲਟਿੰਗ ਸ਼ੁਰੂ ਨਾ ਕੀਤੀ ਗਈ, ਤਾਂ ਅਗਲੇ ਕੁਝ ਸਾਲਾਂ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਦੇਸ਼ ਪੱਧਰੀ ਲਾਭ ਲੰਬੇ ਸਮੇਂ ਲਈ ਡੈਮ ਦੀ ਸੁਰੱਖਿਆ ਅਤੇ ਸਮਰੱਥਾ ਵਿੱਚ ਸੁਧਾਰ
ਕੈਂਦਰ ਅਤੇ BBMB ਦੀ ਸਾਂਝੀ ਪਹਿਲ ਦਾ ਮਕਸਦ ਨਾ ਸਿਰਫ਼ ਡੈਮ ਦੀ ਕਾਰਗੁਜ਼ਾਰੀ ਨੂੰ ਸੁਰੱਖਿਅਤ ਰੱਖਣਾ ਹੈ, ਸਗੋਂ ਦੇਸ਼ ਦੇ ਹਾਈਡ੍ਰੋ ਪਾਵਰ ਪ੍ਰੋਡਕਸ਼ਨ ਨੂੰ ਮਜ਼ਬੂਤ ਕਰਨਾ ਵੀ ਹੈ। ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਗੋਬਿੰਦ ਸਾਗਰ ਝੀਲ ਦੀ ਸਟੋਰੇਜ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਭਵਿੱਖ ਦੀ ਪਾਣੀ ਸੁਰੱਖਿਆ ਲਈ ਇਹ ਕਦਮ ਮੀਲ ਪੱਥਰ ਸਾਬਤ ਹੋ ਸਕਦਾ ਹੈ।

