ਲਹਿਰਾ :- ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਕਲਾਂ ਵਿੱਚ ਪ੍ਰਾਇਮਰੀ ਸਕੂਲ ਦੀ ਇੰਚਾਰਜ ਵਿਰੁੱਧ ਪਿੰਡ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ‘ਤੇ ਸਖ਼ਤ ਐਤਰਾਜ਼ ਜਤਾਇਆ ਗਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਮਿੱਡ-ਡੇ ਮੀਲ ਦੀ ਯੋਜਨਾ ਅਧੀਨ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਦਿੱਤਾ ਜਾਣ ਵਾਲਾ ਮੌਸਮੀ ਫਲ ਸਾਲ ਵਿੱਚ ਸਿਰਫ਼ 2–3 ਵਾਰ ਹੀ ਵੰਡਿਆ ਗਿਆ। ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਕੂਲ ਮੁਖੀ ਦੀ ਬਦਲੀ ਲਈ ਸਹਿਮਤਨਾਮਾ ਤਿਆਰ ਕਰਕੇ ਮੰਗ ਪਾਈ ਹੈ।
ਜ਼ਿਲ੍ਹਾ ਪੱਧਰੀ ਖੇਡਾਂ ਤੋਂ ਬੱਚਿਆਂ ਨੂੰ ਵਾਂਝਾ ਛੱਡਣ ਦਾ ਇਲਜ਼ਾਮ
ਮਾਪਿਆਂ ਅਤੇ ਕਮੇਟੀ ਮੈਂਬਰਾਂ ਮੁਤਾਬਕ, ਸਕੂਲ ਮੁਖੀ ਵੱਲੋਂ ਨਾਂ ਹੀ ਮਿੱਡ-ਡੇ ਮੀਲ ਵਿੱਚ ਪੱਧਰ ਬਰਕਰਾਰ ਰੱਖਿਆ ਗਿਆ, ਸਗੋਂ ਚਾਰ ਕਾਬਲ ਬੱਚਿਆਂ ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਵੀ ਰੋਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਬੱਚੇ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਪਹੁੰਚਣ ਦੀ ਸਮਰੱਥਾ ਰੱਖਦੇ ਸਨ, ਪਰ ਸਕੂਲ ਮੁਖੀ ਦੀ ਲਾਪਰਵਾਹੀ ਕਾਰਨ ਉਨ੍ਹਾਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ।
ਪਿੰਡ ਦੇ ਮੋਹਤਬਾਰਾਂ ਨਾਲ ਬਦਸਲੂਕੀ ਦੇ ਦਾਅਵੇ
ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਜਦੋਂ ਉਹ ਇਸ ਮੁੱਦੇ ‘ਤੇ ਗੱਲਬਾਤ ਕਰਨ ਸਕੂਲ ਪਹੁੰਚੇ ਤਾਂ ਸਕੂਲ ਮੁਖੀ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਅਤੇ ਧਮਕੀਆਂ ਤੱਕ ਦੇ ਦਿੱਤੀਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਿੱਖਿਆ ਸੰਸਥਾ ਵਿੱਚ ਐਸੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਪਿੰਡ ਵਾਸੀਆਂ ਦੀ ਮੰਗ – ਬਦਲੀ ਅਤੇ ਸਖਤ ਕਾਰਵਾਈ
ਇਲਜ਼ਾਮਾਂ ਦੇ ਮੱਦੇਨਜ਼ਰ, ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਸਕੂਲ ਮੁਖੀ ਨੂੰ ਤੁਰੰਤ ਹਟਾਉਣ ਅਤੇ ਪੂਰੇ ਮਾਮਲੇ ਦੀ ਡੂੰਘੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ।
ਸਿੱਖਿਆ ਵਿਭਾਗ ਨੇ ਸ਼ੁਰੂ ਕੀਤੀ ਜਾਂਚ
ਬਲਾਕ ਸਿੱਖਿਆ ਅਫ਼ਸਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਦੋ ਦਿਨ ਪਹਿਲਾਂ ਹੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਜਾਰੀ ਹੈ ਅਤੇ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਕੋਲ ਭੇਜੀ ਜਾਵੇਗੀ। ਜਿਸ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

