ਚੰਡੀਗੜ੍ਹ :- ਚੰਡੀਗੜ੍ਹ ’ਚ ਇਕ ਵੱਡਾ ਗੈਂਗਵਾਰਨੁਮਾ ਕਤਲ ਵਾਪਰਿਆ, ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਨੂੰ ਸੈਕਟਰ-26 ਦੀ ਟਿੰਬਰ ਮਾਰਕੀਟ ਵਿੱਚ ਗੋਲੀਆਂ ਮਾਰ ਕੇ ਢਾਹ ਦਿੱਤਾ ਗਿਆ। ਘਟਨਾ ਨੇ ਨਾ ਸਿਰਫ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ, ਬਲਕਿ ਚੰਡੀਗੜ੍ਹ ਪੁਲਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ।
ਤੇਜ਼ ਰਫ਼ਤਾਰ ਕਾਰ ਆਈ, ਰਸਤਾ ਰੋਕ ਕੇ ਫਾਇਰਿੰਗ ਸ਼ੁਰੂ
ਮਿਲੀ ਜਾਣਕਾਰੀ ਮੁਤਾਬਕ, ਪੈਰੀ ਸੋਮਵਾਰ ਸ਼ਾਮ ਕਰੀਬ ਸਵਾ ਛੇ ਵਜੇ ਆਪਣੀ ਕਾਰ (CH01CX 7605) ਨਾਲ ਟਿੰਬਰ ਮਾਰਕੀਟ ਪਹੁੰਚਿਆ। ਉਸ ਦੇ ਪਿੱਛੇ ਆ ਰਹੀ ਕਰੇਟਾ ਕਾਰ ਨੇ ਅਚਾਨਕ ਉਸਦੀ ਗੱਡੀ ਸਾਹਮਣੇ ਲਾ ਦਿੱਤੀ। ਕਾਰ ਰੁਕਦੇ ਹੀ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਬਿਨਾਂ ਇਕ ਪਲ ਗਵਾਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੈਰੀ ਨੂੰ ਖਿੜਕੀ ਤੱਕ ਖੋਲ੍ਹਣ ਦਾ ਮੌਕਾ ਨਹੀਂ ਮਿਲਿਆ ਅਤੇ ਹਮਲਾਵਰਾਂ ਨੇ ਲਗਾਤਾਰ 10 ਗੋਲੀਆਂ ਫਾਇਰ ਕੀਤੀਆਂ।
ਇਨ੍ਹਾਂ ਵਿੱਚੋਂ ਕਈ ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਚੀਰਦੀਆਂ ਹੋਈਆਂ ਪੈਰੀ ਦੀ ਛਾਤੀ ਵਿੱਚ ਜਾ ਵੱਜੀਆਂ। ਹਮਲਾਵਰ ਬੇਹੱਦ ਸੂਚਬੱਧ ਢੰਗ ਨਾਲ ਮੌਕੇ ਤੋਂ ਗੱਡੀ ਵਿੱਚ ਫਰਾਰ ਹੋ ਗਏ।
ਪੁਲਸ ਅਤੇ ਫਾਰੈਂਸਿਕ ਟੀਮ ਛਾਣਬੀਣ ਵਿੱਚ ਜੁਟੀਆਂ
ਗੋਲੀਬਾਰੀ ਦੀ ਆਵਾਜ਼ ਸੁਣਕੇ ਇਲਾਕੇ ਦੇ ਲੋਕ ਬਾਹਰ ਆਏ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੈਕਟਰ-26 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਖ਼ੂਨ ਨਾਲ ਲੱਥਪੱਥ ਪਏ ਪੈਰੀ ਨੂੰ PGI ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਘਟਨਾ ਦੀ ਗੰਭੀਰਤਾ ਦੇ ਚਲਦੇ IG ਪੁਸ਼ਪਿੰਦਰ, SSP ਕੰਵਰਦੀਪ ਕੌਰ ਸਮੇਤ ਕਈ ਵਰਿ੍ਹਸ਼ਠ ਅਧਿਕਾਰੀ ਮੌਕੇ ’ਤੇ ਪਹੁੰਚੇ। ਫਾਰੈਂਸਿਕ ਟੀਮ ਨੇ ਸੜਕ ’ਤੇ ਡਿੱਗੇ 5 ਖੋਲ ਜ਼ਬਤ ਕੀਤੇ ਹਨ, ਜਦਕਿ ਕਾਰ ’ਤੇ ਲੱਗੀਆਂ ਗੋਲੀਆਂ ਤੇ ਖ਼ੂਨ ਦੇ ਨਮੂਨੇ ਵੀ ਇਕੱਠੇ ਕੀਤੇ ਗਏ ਹਨ। ਕ੍ਰਾਈਮ ਬ੍ਰਾਂਚ, ਆਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ ਕਈ ਟੀਮਾਂ ਵੀ ਇਸ ਜਾਂਚ ਵਿੱਚ ਜੁੱਟ ਚੁੱਕੀਆਂ ਹਨ।
ਪੈਰੀ ਦੇ ਗੈਂਗ ਕਨੈਕਸ਼ਨਾਂ ਨੇ ਜਾਂਚ ਦਾ ਰੁਖ ਬਦਲਿਆ
ਮੁੱਢਲੀ ਜਾਂਚ ਤੋਂ ਲੱਗ ਰਿਹਾ ਹੈ ਕਿ ਇਹ ਕਤਲ ਗੈਂਗਵਾਰ ਦੀ ਕੜੀ ਹੈ। ਇੰਦਰਪ੍ਰੀਤ ਸਿੰਘ ਪੈਰੀ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਗਹਿਰਾ ਨਾਤਾ ਸੀ ਅਤੇ ਉਸਦੇ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਵੀ ਸੰਪਰਕ ਰਹੇ ਹਨ। ਬਿਸ਼ਨੋਈ ਗੈਂਗ ਦੀ ਲੰਬੇ ਸਮੇਂ ਤੋਂ ਬੰਬੀਹਾ ਗਰੁੱਪ ਨਾਲ ਰੰਜਿਸ਼ ਚੱਲਦੀ ਆ ਰਹੀ ਹੈ। ਪੁਲਸ ਇਸ ਵਾਰਦਾਤ ਨੂੰ ਉਸੇ ਗਿਰੋਹੀ ਟਕਰਾਅ ਦੀ ਕੜੀ ਮੰਨ ਰਹੀ ਹੈ।
ਪੈਰੀ ਚੰਡੀਗੜ੍ਹ ਵਿੱਚ ਪਰਿਵਾਰ ਨਾਲ ਰਹਿੰਦਾ ਸੀ
ਇੰਦਰਪ੍ਰੀਤ ਸਿੰਘ ਪੈਰੀ ਸੈਕਟਰ-33 ’ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸਦੀ ਹੱਤਿਆ ਨੇ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਗੈਂਗਵਾਰ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਅਸਲਾ ਐਕਟ ਅਤੇ ਕਤਲ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ
ਸੈਕਟਰ-26 ਥਾਣਾ ਪੁਲਸ ਨੇ ਇਸ ਮਾਮਲੇ ਵਿੱਚ ਕਤਲ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਸੰਬੰਧਤ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। CCTV ਫੁਟੇਜਾਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਚੌਕਸੀ ਵਧਾ ਦਿੱਤੀ ਗਈ ਹੈ।

