ਚੰਡੀਗੜ੍ਹ :- 2025 ਦਾ ਆਖਰੀ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਅੱਜ 1 ਦਸੰਬਰ ਤੋਂ ਕਈ ਮਹੱਤਵਪੂਰਨ ਤਬਦੀਲੀਆਂ ਅਮਲ ਵਿੱਚ ਆ ਗਈਆਂ ਹਨ। ਗੈਸ ਸਿਲੰਡਰ ਦੀਆਂ ਰੇਟਾਂ ਤੋਂ ਬੈਂਕਿੰਗ ਸੇਵਾਵਾਂ, ਪੈਨਸ਼ਨ ਵਿਕਲਪਾਂ ਤੋਂ ਦਸਤਾਵੇਜ਼ਾਂ ਦੀ ਲਿੰਕਿੰਗ—ਇਹ ਸਾਰੇ ਬਦਲਾਅ ਸਿੱਧੇ ਤੌਰ ‘ਤੇ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਯੋਜਨਾ ‘ਤੇ ਅਸਰ ਪਾਉਣ ਵਾਲੇ ਹਨ।
ਕਮਰਸ਼ੀਅਲ LPG ਹੋਇਆ ਸਸਤਾ, ਘਰੇਲੂ ਸਿਲੰਡਰ ਦੀ ਕੀਮਤ ਜਿਉਂ ਦੀ ਤਿਉਂ
ਤੇਲ ਕੰਪਨੀਆਂ ਵੱਲੋਂ ਮਹੀਨੇ ਦੀ ਰੀਵਿਜ਼ਨ ਅਨੁਸਾਰ 19 ਕਿਲੋ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜੋ ਅੱਜ ਤੋਂ ਲਾਗੂ ਹੈ। ਦੂਜੇ ਪਾਸੇ, ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਕਰਕੇ ਘਰੇਲੂ ਬਜਟ ‘ਤੇ ਕੋਈ ਹੋਰ ਵੱਧ ਭਾਰ ਨਹੀਂ ਪਵੇਗਾ।
SBI ਨੇ ‘mCash’ ਸੇਵਾ ਕੀਤੀ ਬੰਦ, ਹੁਣ ਇਹ ਵਿਕਲਪ ਰਹਿਣਗੇ ਚਾਲੂ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੀ ‘mCash’ ਸਹੂਲਤ ਅੱਜ ਤੋਂ ਬੰਦ ਕਰ ਦਿੱਤੀ ਹੈ।
ਹੁਣ ਗਾਹਕ ‘OnlineSBI’ ਅਤੇ ‘YONO Lite’ ਰਾਹੀਂ mCash ਭੇਜ ਨਹੀਂ ਸਕਣਗੇ ਅਤੇ ਨਾ ਹੀ ਪ੍ਰਾਪਤ ਕਰ ਸਕਣਗੇ।
ਬੈਂਕ ਨੇ ਯੂਜ਼ਰਾਂ ਨੂੰ ਸਲਾਹ ਦਿੱਤੀ ਹੈ ਕਿ ਫੰਡ ਟ੍ਰਾਂਸਫਰ ਲਈ UPI, NEFT ਅਤੇ RTGS ਵਰਗੀਆਂ ਸਹੂਲਤਾਂ ਦੀ ਵਰਤੋਂ ਕੀਤੀ ਜਾਵੇ।
NPS ਤੋਂ UPS ‘ਚ ਸਵਿੱਚ ਕਰਨ ਦੀ ਮਿਆਦ ਖ਼ਤਮ
ਪੈਨਸ਼ਨ ਪ੍ਰਣਾਲੀ ਵਿੱਚ ਵੀ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋ ਗਿਆ ਹੈ।
ਕੈਂਦਰੀ ਕਰਮਚਾਰੀਆਂ ਲਈ NPS ਤੋਂ UPS (ਯੂਨਫਾਈਡ ਪੈਨਸ਼ਨ ਸਕੀਮ) ਵਿੱਚ ਬਦਲਣ ਦਾ ਵਿਕਲਪ ਹੁਣ ਖ਼ਤਮ ਮੰਨਿਆ ਜਾਵੇਗਾ।
ਇਸ ਲਈ ਦਿੱਤੀ ਗਈ ਮਿਆਦ 30 ਨਵੰਬਰ ਨੂੰ ਪੂਰੀ ਹੋ ਚੁੱਕੀ ਹੈ ਅਤੇ ਅਸਾਨੀ ਨਾਲ ਹੁਣ ਇਹ ਤਬਦੀਲੀ ਨਹੀਂ ਕੀਤੀ ਜਾ ਸਕੇਗੀ।
ਆਧਾਰ, ਟ੍ਰੈਫਿਕ ਤੇ EPFO ਨਿਯਮਾਂ ਵਿੱਚ ਵੀ ਹੋਇਆ ਸੰਸ਼ੋਧਨ
ਆਧਾਰ ਅਪਡੇਟ ਹੋਇਆ ਹੋਰ ਸੁਖਾਲਾ
ਹੁਣ ਨਾਮ, ਪਤਾ, ਜਨਮ ਮਿਤੀ ਆਦਿ ਵਿੱਚ ਤਬਦੀਲੀ ਕਰਨ ਲਈ PAN ਜਾਂ ਪਾਸਪੋਰਟ ਵਰਗੇ ਦਸਤਾਵੇਜ਼ਾਂ ਦੀ ਆਨਲਾਈਨ ਵੈਰੀਫ਼ਿਕੇਸ਼ਨ ਕਰਨਾ ਆਸਾਨ ਹੋਵੇਗਾ।
ਟ੍ਰੈਫਿਕ ਜੁਰਮਾਨਿਆਂ ਦੀ ਪ੍ਰਕਿਰਿਆ ਹੋਈ ਸਖ਼ਤ
ਕਈ ਰਾਜਾਂ ਵਿੱਚ ਆਨਲਾਈਨ ਚਲਾਨ ਭਰਨ ‘ਤੇ ਵਾਧੂ ਪ੍ਰੋਸੈਸਿੰਗ ਫੀਸ ਵੀ ਭਰਨੀ ਪਵੇਗੀ।
ਪੀਯੂਸੀ ਸਰਟੀਫਿਕੇਟ ਬਿਨਾਂ ਵਾਹਨ ਚਲਾਉਣ ‘ਤੇ ਭਾਰੀ ਜੁਰਮਾਨੇ ਦਾ ਨਵਾਂ ਨਿਯਮ ਕੜਾਈ ਨਾਲ ਲਾਗੂ ਕੀਤਾ ਜਾ ਰਿਹਾ ਹੈ।
EPFO ਦੇ ਨਵੇਂ ਨਿਯਮ
UAN-KYC ਲਿੰਕਿੰਗ ਅਤੇ ਈ-ਨਾਮਜ਼ਦਗੀ ਦੀ ਪ੍ਰਕਿਰਿਆ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਜਿਨ੍ਹਾਂ ਕਰਮਚਾਰੀਆਂ ਦੀ ਨਾਮਜ਼ਦਗੀ ਪੂਰੀ ਨਹੀਂ—ਉਹਨਾਂ ਨੂੰ ਪੈਨਸ਼ਨ ਜਾਂ PF ਕਢਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ।
ਦਸੰਬਰ ਦੀਆਂ ਦੋ ਵੱਡੀਆਂ ਡੈੱਡਲਾਈਨਾਂ
ਮਹੀਨੇ ਦੀ ਸ਼ੁਰੂਆਤ ਨਾਲ ਹੀ ਦੋ ਕੰਮਾਂ ਦੀ ਉਲਟੀ ਗਿਣਤੀ ਵੀ ਚੱਲ ਪਈ ਹੈ:
ITR ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ
ਵਿੱਤੀ ਸਾਲ 2024-25 ਲਈ ਬਿਲੇਟਿਡ ਜਾਂ ਰਿਵਾਈਜ਼ਡ ITR ਭਰਣ ਲਈ ਇਹ ਅੰਤਿਮ ਤਾਰੀਖ ਹੈ।
ਲੇਟ ਹੋਣ ‘ਤੇ 5 ਹਜ਼ਾਰ ਰੁਪਏ ਤੱਕ ਪੈਨਲਟੀ ਲੱਗ ਸਕਦੀ ਹੈ।
PAN–Aadhar ਲਿੰਕਿੰਗ ਦੀ ਡੈੱਡਲਾਈਨ
ਜੇ 31 ਦਸੰਬਰ ਤੱਕ ਪੈਨ ਆਧਾਰ ਨਾਲ ਨਹੀਂ ਜੁੜਿਆ ਤਾਂ PAN ਅਣਵੈਧ ਹੋ ਜਾਵੇਗਾ। ਬੈਂਕਿੰਗ ਅਤੇ ਟ੍ਰਾਂਜੈਕਸ਼ਨ ਸਬੰਧੀ ਕਈ ਕੰਮ ਪ੍ਰਭਾਵਿਤ ਹੋ ਸਕਦੇ ਹਨ।
ਸੈਂਸੈਕਸ ‘ਚ ਤਬਦੀਲੀ, ਨਿਵੇਸ਼ਕਾਂ ਲਈ ਮਹੱਤਵਪੂਰਨ ਅਪਡੇਟ
22 ਦਸੰਬਰ ਤੋਂ BSE ਦੇ ਸੈਂਸੈਕਸ ਇੰਡੈਕਸ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ‘ਇੰਟਰਗਲੋਬ ਏਵੀਏਸ਼ਨ’ ਦੀ ਐਂਟਰੀ ਹੋਵੇਗੀ, ਜਦਕਿ ‘ਟਾਟਾ ਮੋਟਰਜ਼ ਪੈਸੰਜਰ ਵਹੀਕਲਜ਼’ ਸੂਚੀ ਤੋਂ ਹਟ ਜਾਵੇਗਾ।
ਨਿਵੇਸ਼ ਕਰਨ ਵਾਲਿਆਂ ਲਈ ਇਹ ਅਪਡੇਟ ਕਾਫ਼ੀ ਮਹੱਤਵਪੂਰਨ ਹੈ।

