ਧਰਾਲੀ :- ਉੱਤਰਾਖੰਡ ਇੱਕ ਵਾਰ ਫਿਰ ਭਿਆਨਕ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਆ ਗਿਆ ਹੈ। ਪਿੱਛਲੇ ਦਿਨੀ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ‘ਚ ਬੱਦਲ ਫਟਣ ਕਾਰਨ ਭਿਆਨਕ ਤਬਾਹੀ ਦੇ ਮੰਜ਼ਰ ਸਾਹਮਣੇ ਆਏ ਹਨ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਤ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਉਚੀ ਕਿਵੇਂ ਦੀਆਂ ਸੈਟੇਲਾਈਟ ਤਸਵੀਰਾਂ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਸਥਾ (ISRO) ਵੱਲੋਂ ਜਾਰੀ ਕੀਤੀਆਂ ਗਈਆਂ ਹਨ।
ISRO ਵੱਲੋਂ ਜਾਰੀ ਤਸਵੀਰਾਂ ਨੇ ਦਿਖਾਈ ਵੱਡੀ ਤਬਾਹੀ
ISRO ਨੇ ਧਰਾਲੀ ਇਲਾਕੇ ਦੀ ਦੋ ਤਸਵੀਰਾਂ ਜਾਰੀ ਕੀਤੀਆਂ ਹਨ — ਇੱਕ ਤਬਾਹੀ ਤੋਂ ਪਹਿਲਾਂ ਦੀ (13 ਜੂਨ 2024) ਅਤੇ ਦੂਜੀ ਤਬਾਹੀ ਤੋਂ ਬਾਅਦ ਦੀ (7 ਅਗਸਤ 2025)। ਦੂਜੀ ਤਸਵੀਰ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਪਾਣੀ ਨੇ ਇਲਾਕੇ ਨੂੰ ਘੇਰ ਲਿਆ, ਕਈ ਇਮਾਰਤਾਂ ਪਾਣੀ ਵਿੱਚ ਸਮਾ ਗਈਆਂ ਅਤੇ ਮਲਬਾ ਹਰ ਪਾਸੇ ਫੈਲਿਆ ਹੋਇਆ ਹੈ। ਨਦੀ ਨੇ ਆਪਣਾ ਰੁਖ ਵੀ ਬਦਲ ਲਿਆ ਹੈ, ਜੋ ਤਬਾਹੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
150 ਤੋਂ ਵੱਧ ਲੋਕ ਲਾਪਤਾ ਹੋਣ ਦਾ ਅੰਦਾਜ਼ਾ
PTI ਦੀ ਰਿਪੋਰਟ ਅਨੁਸਾਰ, 5 ਅਗਸਤ ਦੀ ਦੁਪਹਿਰ ਤੋਂ ਬਾਅਦ ਹੋਈ ਇਸ ਤਬਾਹੀ ਨੂੰ ਲੋਕਾਂ ਨੇ ਆਪਣੇ ਅੱਖਾਂ ਸਾਹਮਣੇ ਵਾਪਰਦੇ ਵੇਖਿਆ। ਪਹਾੜੀ ਢਲਾਨਾਂ ਤੋਂ ਵੱਗਦਾ ਮਲਬਾ ਪਿੰਡ ‘ਚ ਆ ਗਿਆ, ਜਿਸ ਕਾਰਨ ਧਰਾਲੀ ਪਿੰਡ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਕਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਗਿਣਤੀ 150 ਤੋਂ ਘੱਟ ਨਹੀਂ ਹੋ ਸਕਦੀ।
ਚੱਲ ਰਹੀ ਹੈ ਜੋਰਦਾਰ ਰੈਸਕਿਊ ਮੁਹਿੰਮ
ਮੌਸਮ ਸਾਫ਼ ਹੋਣ ਤੋਂ ਬਾਅਦ ਰੈਸਕਿਊ ਕਾਰਜ ਵਿਚ ਤੇਜ਼ੀ ਆਈ ਹੈ। ਫੌਜ ਵੱਲੋਂ ਚਿਨੂਕ ਹੇਲੀਕਾਪਟਰ ਦੀ ਮਦਦ ਨਾਲ ਪ੍ਰਭਾਵਿਤ ਇਲਾਕਿਆਂ ਤੱਕ ਸਹਾਇਤਾ ਪਹੁੰਚਾਈ ਜਾ ਰਹੀ ਹੈ। ਵੱਡੀ ਮਸ਼ੀਨਰੀ ਅਤੇ ਰਸਦ ਵੀ ਉੱਥੇ ਭੇਜੀ ਜਾ ਰਹੀ ਹੈ। MI-17 ਸਮੇਤ 8 ਨਿੱਜੀ ਹੇਲੀਕਾਪਟਰ ਵੀ ਰੈਸਕਿਊ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਮਦਦ ਨਾਲ 112 ਲੋਕਾਂ ਨੂੰ ਏਅਰਲਿਫਟ ਕਰਕੇ ਦੇਹਰਾਦੂਨ ਲਿਆਂਦਾ ਗਿਆ। IANS ਦੀ ਰਿਪੋਰਟ ਮੁਤਾਬਕ, ਹੁਣ ਤੱਕ 367 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਬਚਾਵ ਕਾਰਜ ਵਿਚ ਕਈ ਏਜੰਸੀਆਂ ਲੱਗੀਆਂ ਹੋਈਆਂ ਹਨ
ਤਬਾਹੀ ਵਾਲੀ ਥਾਂ ‘ਤੇ ਪੁਲਿਸ, SDRF, NDRF, ITBP, ਫੌਜ, ਅੱਗ ਬੁਝਾਉ ਵਿਭਾਗ ਅਤੇ ਰਾਜਸਵ ਵਿਭਾਗ ਦੀਆਂ ਟੀਮਾਂ ਚੌਕੀਸੀ ਅਤੇ ਬਚਾਅ ਕਾਰਜਾਂ ‘ਚ ਜੁੱਟੀਆਂ ਹੋਈਆਂ ਹਨ। ਸਰਕਾਰ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਾਲਾਤ ‘ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ।