ਰਾਜਪੁਰਾ :- ਰਾਜਪੁਰਾ ਦੇ ਗਗਨ ਚੌਂਕ ਅਤੇ ਮਾਡਰਨ ਬੱਸ ਸਟੈਂਡ ਵਿਖੇ ਅੱਜ ਸਵੇਰੇ ਤੋਂ ਸਵਾਰੀਆਂ ਦੀ ਲੰਮੀ ਕਤਾਰ ਦਿਖਾਈ ਦਿੱਤੀ। ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਯਾਤਰਾ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਈਵੇਟ ਬੱਸਾਂ ਘੱਟ, ਸਵਾਰੀਆਂ ਦੀ ਮੁਸੀਬਤ ਵਧੀ
ਲੁਧਿਆਣਾ, ਪਟਿਆਲਾ, ਜ਼ੀਰਕਪੁਰ ਅਤੇ ਅੰਬਾਲਾ ਵੱਲ ਜਾਣ ਵਾਲੀਆਂ ਸਵਾਰੀਆਂ ਸਭ ਤੋਂ ਵੱਧ ਪ੍ਰਭਾਵਿਤ ਹਨ। ਪ੍ਰਾਈਵੇਟ ਬੱਸਾਂ ਤਾ ਚੱਲ ਰਹੀਆਂ ਹਨ, ਪਰ ਉਹ ਘੱਟ ਹਨ, ਜਿਸ ਨਾਲ ਸਵਾਰੀਆਂ ਦੀ ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ।
ਦਫ਼ਤਰ ਜਾਣ ਵਾਲੇ ਲੋਕ ਘੰਟਿਆਂ ਤੋਂ ਫਸੇ
ਦਿਨ-ਬ-ਦਿਨ ਦਫ਼ਤਰ ਜਾਂ ਕੰਮ ਵਾਲੀਆਂ ਥਾਵਾਂ ‘ਤੇ ਪਹੁੰਚਣ ਵਾਲੇ ਲੋਕਾਂ ਨੂੰ ਉਡੀਕ ਵਿਚ ਘੰਟੇ ਬੀਤ ਰਹੇ ਹਨ। ਕਈ ਸਵਾਰੀਆਂ ਨੇ ਕਿਹਾ ਕਿ ਸਵੇਰੇ ਤੋਂ ਲਾਈਨਾਂ ਵਿਚ ਖੜੇ ਹਾਂ, ਪਰ ਕੋਈ ਪੱਕਾ ਪ੍ਰਬੰਧ ਨਹੀਂ।
ਲੋਕਾਂ ਨੇ ਸਰਕਾਰ ਨੂੰ ਵਾਅਦਿਆਂ ਦੀ ਯਾਦ ਦਵਾਈ
ਸਵਾਰੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਸਾਫ਼ ਕਿਹਾ ਕਿ ਡਰਾਈਵਰਾਂ ਤੇ ਕੰਡਕਟਰਾਂ ਨੂੰ ਚੋਣਾਂ ਦੌਰਾਨ ਦਿੱਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਘੱਟ ਤਨਖਾਹ ‘ਤੇ ਕੰਮ ਕਰ ਰਹੇ ਕਰਮਚਾਰੀ ਵਿੱਤੀ ਤੌਰ ‘ਤੇ ਬਹੁਤ ਤੰਗ ਹਨ, ਅਤੇ ਇਹੀ ਹੜਤਾਲ ਦਾ ਮੁੱਖ ਕਾਰਨ ਹੈ।
ਤਨਖਾਹ ਵਧਾਉਣ ਅਤੇ ਸੇਵਾ ਪੱਕੀ ਕਰਨ ਦੀ ਮੰਗ
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਮੰਨਣਾ ਪਵੇਗਾ ਕਿ ਘੱਟ ਤਨਖਾਹ ‘ਤੇ ਘਰ ਚਲਾਉਣਾ ਮੁਸ਼ਕਿਲ ਹੈ। ਜੇ ਡਰਾਈਵਰ ਤੇ ਕੰਡਕਟਰਾਂ ਦੀ ਤਨਖਾਹ ਤੇ ਸੇਵਾ ਸਥਿਤੀ ਸੁਧਾਰੀ ਜਾਵੇ, ਤਾਂ ਨਾ ਹੜਤਾਲ ਹੋਵੇਗੀ ਤੇ ਨਾ ਹੀ ਲੋਕਾਂ ਨੂੰ ਰੋਜ਼ਾਨਾ ਮੁਸੀਬਤਾਂ ਸਹਿਣੀਆਂ ਪੈਣਗੀਆਂ।
ਸੂਬੇ ਲਈ ਚੇਤਾਵਨੀ ਭਰੀ ਤਸਵੀਰ
ਰਾਜਪੁਰਾ ਵਿੱਚ ਬਣੇ ਹਾਲਾਤਾਂ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਮਾਮਲਾ ਲੰਬਾ ਚੱਲਿਆ ਤਾਂ ਪੰਜਾਬ ਦੇ ਹੋਰ ਜ਼ਿਲਿਆਂ ਵਿੱਚ ਵੀ ਅਜਿਹੀ ਹੀ ਤਸਵੀਰ ਸਾਹਮਣੇ ਆ ਸਕਦੀ ਹੈ। ਇਸ ਲਈ ਲੋਕਾਂ ਦੀ ਇਕੋ ਗੁਜਾਰਿਸ਼ ਹੈ ਕਿ ਕਰਮਚਾਰੀਆਂ ਨਾਲ ਸਰਕਾਰ ਗੱਲਬਾਤ ਕਰਕੇ ਤੁਰੰਤ ਹੱਲ ਕਰੇ ਤੇ ਬੱਸ ਸੇਵਾ ਮੁੜ ਚਾਲੂ ਕਰੇ।

