ਚੰਡੀਗੜ੍ਹ :- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਸੀ.ਟੀ.ਈ.ਟੀ. ਫਰਵਰੀ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਨੌਜਵਾਨ ਅਧਿਆਪਕ ਭਰਤੀ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਦੀ ਸਭ ਤੋਂ ਵੱਡੀ ਪਾਤਰਤਾ ਪ੍ਰੀਖਿਆ ਮੰਨੀ ਜਾ ਰਹੀ ਹੈ। ਨੋਟੀਫਿਕੇਸ਼ਨ ਹੁਣ ctet.nic.in ‘ਤੇ ਉਪਲਬਧ ਹੈ ਅਤੇ ਇੱਛੁਕ ਉਮੀਦਵਾਰ ਦੱਸੇ ਪ੍ਰਕਿਰਿਆ ਅਨੁਸਾਰ ਅਪਲਾਈ ਕਰ ਸਕਦੇ ਹਨ। ਅਰਜ਼ੀ ਭਰਨ ਦੀ ਆਖਰੀ ਤਰੀਕ 18 ਦਸੰਬਰ ਨਿਰਧਾਰਤ ਕੀਤੀ ਗਈ ਹੈ। ਪ੍ਰੀਖਿਆ 8 ਫਰਵਰੀ 2026 ਨੂੰ ਲਏ ਜਾਣੀ ਹੈ।
ਸੀ.ਟੀ.ਈ.ਟੀ. ਅਧਿਆਪਕ ਬਣਨ ਲਈ ਲਾਜ਼ਮੀ ਪਾਤਰਤਾ
ਸੀ.ਟੀ.ਈ.ਟੀ. ਉਹ ਪਰੀਖਿਆ ਹੈ, ਜੋ ਪਹਿਲੀ ਤੋਂ 8ਵੀਂ ਕਲਾਸ ਤੱਕ ਪੜ੍ਹਾਉਣ ਦੀ ਖ਼ਾਹਿਸ਼ ਰੱਖਣ ਵਾਲਿਆਂ ਲਈ ਲਾਜ਼ਮੀ ਮੰਨੀ ਜਾਂਦੀ ਹੈ। ਕੇਂਦਰੀ ਸਕੂਲਾਂ—ਜਿਵੇਂ ਕਿ ਕੇ.ਵੀ.ਐੱਸ., ਐਨ.ਵੀ.ਐੱਸ.—ਅਤੇ ਵਧੇਰੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕ ਭਰਤੀ ਲਈ ਸੀ.ਟੀ.ਈ.ਟੀ. ਕਲੀਅਰ ਕਰਨਾ ਇੱਕ ਮੁੱਖ ਪਾਤਰਤਾ ਹੈ। ਇਸਨੂੰ ਪਾਸ ਕਰਨ ਨਾਲ ਉਮੀਦਵਾਰ ਸਰਕਾਰੀ ਅਤੇ ਨਿੱਜੀ ਦੋਵੇਂ ਤਰ੍ਹਾਂ ਦੇ ਸਿੱਖਿਆ ਸੰਸਥਾਨਾਂ ਵਿੱਚ ਅਧਿਆਪਕ ਅਹੁਦਿਆਂ ਲਈ ਅਪਲਾਈ ਕਰਨ ਦੇ ਯੋਗ ਹੋ ਜਾਂਦੇ ਹਨ।
ਪੇਪਰ-1 ਅਤੇ ਪੇਪਰ-2 ਦਾ ਪੈਟਰਨ ਤੇ ਯੋਗਤਾਵਾਂ
ਪੇਪਰ-1 ਉਹਨਾਂ ਲਈ ਹੈ, ਜੋ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੜ੍ਹਾਉਣਾ ਚਾਹੁੰਦੇ ਹਨ। ਇਸ ਲਈ 12ਵੀਂ ਦੇ ਨਾਲ 2 ਸਾਲਾ ਡੀ.ਐੱਲ.ਐੱਡ., ਬੀ.ਐੱਲ.ਐੱਡ. ਜਾਂ ਸਮਕਾਲੀ ਯੋਗਤਾਵਾਂ ਲਾਜ਼ਮੀ ਹਨ।
ਪੇਪਰ-2 ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੀ ਸਿੱਖਿਆ ਦੇ ਇੱਛੁਕ ਉਮੀਦਵਾਰਾਂ ਲਈ ਹੈ, ਜਿਸ ਵਿੱਚ ਸਨਾਤਕ ਡਿਗਰੀ ਦੇ ਨਾਲ ਬੀ.ਐੱਡ. ਜਾਂ 4 ਸਾਲਾ ਇੰਟੀਗ੍ਰੇਟਡ ਬੀ.ਏ./ਬੀ.ਐੱਸ.ਸੀ.ਐੱਡ ਦੀ ਸ਼ਰਤ ਹੈ।
ਦੋਵੇਂ ਪੇਪਰਾਂ ਦੀ ਮਿਆਦ ਢਾਈ ਘੰਟੇ ਹੈ। ਕੁੱਲ 150 ਪ੍ਰਸ਼ਨ ਹੁੰਦੇ ਹਨ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦੀ ਨੈਗੇਟਿਵ ਮਾਰਕਿੰਗ ਨਹੀਂ ਰੱਖੀ ਗਈ।
ਕੱਟ-ਆਫ ਅਤੇ ਪ੍ਰੀਖਿਆ ਵਿੱਚ ਸ਼ਾਮਲ ਵਿਸ਼ੇ
ਆਮ ਵਰਗ ਦੇ ਉਮੀਦਵਾਰਾਂ ਲਈ 60 ਫੀਸਦੀ—ਅਰਥਾਤ 150 ਵਿੱਚੋਂ 90 ਅੰਕ—ਲੋੜੀਂਦੇ ਹਨ। ਓ.ਬੀ.ਸੀ., ਐੱਸ.ਸੀ. ਅਤੇ ਐੱਸ.ਟੀ. ਵਰਗਾਂ ਲਈ ਲਗਭਗ 55 ਫੀਸਦੀ, ਮਤਲਬ 82.5 ਅੰਕ ਪ੍ਰਾਪਤ ਕਰਨਾ ਯੋਗਤਾ ਲਈ ਕਾਫ਼ੀ ਹੈ। ਪੇਪਰ-1 ਵਿੱਚ ਬਾਲ ਮਨੋਵਿਗਿਆਨ, ਭਾਸ਼ਾਵਾਂ, ਗਣਿਤ ਅਤੇ ਵਾਤਾਵਰਣ ਅਧਿਐਨ ਦੇ ਪ੍ਰਸ਼ਨ ਸ਼ਾਮਲ ਹੁੰਦੇ ਹਨ। ਪੇਪਰ-2 ਵਿੱਚ ਬਾਲ ਵਿਕਾਸ, ਭਾਸ਼ਾ ਕੌਸ਼ਲ, ਗਣਿਤ ਤੇ ਵਿਗਿਆਨ ਜਾਂ ਫਿਰ ਸਮਾਜਿਕ ਵਿਦਿਆ ਨਾਲ ਜੁੜੇ ਵਿਸ਼ਿਆਂ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ।

