ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਅਤੇ ਸਿੰਡੀਕੇਟ ਚੋਣਾਂ ਨੂੰ ਲੈ ਕੇ ਹਫ਼ਤਿਆਂ ਤੋਂ ਚੱਲ ਰਿਹਾ ਸੰਘਰਸ਼ ਅਖ਼ੀਰਕਾਰ ਰੰਗ ਲਿਆਇਆ ਹੈ। “ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ” ਦੇ ਜ਼ੋਰਦਾਰ ਵਿਰੋਧ ਅਤੇ ਲਗਾਤਾਰ ਦਬਾਅ ਬਾਅਦ ਉਪ ਰਾਸ਼ਟਰਪਤੀ ਤੇ ਯੂਨੀਵਰਸਿਟੀ ਚਾਂਸਲਰ ਵੱਲੋਂ ਸੈਨੇਟ ਚੋਣਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਫੈਸਲਾ ਸਾਹਮਣੇ ਆਉਂਦੇ ਹੀ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਪਈ। ਬਚਾਓ ਮੋਰਚੇ ਨੇ ਧਰਨਾ ਸਮਾਪਤ ਕਰਦੇ ਹੋਏ ਯੂਨੀਵਰਸਿਟੀ ਕੈਂਪਸ ਵਿੱਚ ਜਿੱਤ ਦਾ ਮਾਰਚ ਕੱਢਿਆ।

ਮੁੱਖ ਮੰਤਰੀ ਦਾ ਬਿਆਨ – “ਇਹ ਪੰਜਾਬ ਦੀ ਵਿਰਾਸਤ ਦੀ ਜਿੱਤ”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਫੈਸਲੇ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਰੇ ਹਕ਼ ਦੀ ਲੜਾਈ ਲੜਣ ਵਾਲਿਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਲਿਖਿਆ ਕਿ “ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਨੂੰ ਮਨਜ਼ੂਰੀ ਮਿਲਣਾ ਕੇਵਲ ਪ੍ਰਸ਼ਾਸਕੀ ਫੈਸਲਾ ਨਹੀਂ, ਇਹ ਸਮੁੱਚੇ ਪੰਜਾਬ ਦੀ ਜਿੱਤ ਹੈ। ਇਹ ਸੰਸਥਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ।”
ਮੁੱਖ ਮੰਤਰੀ ਨੇ ਇਹ ਵੀ ਜੋੜਿਆ ਕਿ ਬੇਹੱਦ ਦਬਾਅ ਦੇ ਬਾਵਜੂਦ ਵਿਦਿਆਰਥੀਆਂ ਅਤੇ ਫੈਕਲਟੀ ਨੇ ਹਿੰਮਤ ਨਹੀਂ ਹਾਰੀ। “ਸੰਘਰਸ਼ ਕਰਦੇ ਰਹੇ, ਅਤੇ ਅਖ਼ੀਰਕਾਰ ਉਹੀ ਸੰਘਰਸ਼ ਜਿੱਤ ਵਿੱਚ ਬਦਲ ਗਿਆ,” ਉਨ੍ਹਾਂ ਕਿਹਾ।
ਚੋਣਾਂ ਦੇ ਸ਼ਡਿਊਲ ਨੂੰ ਮਿਲੀ ਮਨਜ਼ੂਰੀ
ਦੱਸਣਾ ਲਾਜ਼ਮੀ ਹੈ ਕਿ ਪੀਯੂ ਪ੍ਰਸ਼ਾਸਨ ਨੇ 9 ਨਵੰਬਰ ਨੂੰ ਸੈਨੇਟ ਚੋਣਾਂ ਲਈ ਤਿਆਰ ਕੀਤਾ ਸ਼ਡਿਊਲ ਚਾਂਸਲਰ ਨੂੰ ਭੇਜਿਆ ਸੀ। ਹੁਣ ਇਸ ਸ਼ਡਿਊਲ ਨੂੰ ਮੁਸ਼ਤਰਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਦਾ ਰਾਹ ਸਾਫ਼ ਹੋ ਗਿਆ ਹੈ।
ਕੈਂਪਸ ਵਿੱਚ ਜਸ਼ਨ, ਅਧਿਕਾਰਾਂ ਲਈ ਲੜਾਈ ਦਾ ਮਜ਼ਬੂਤ ਸੰਦੇਸ਼
ਵਿਦਿਆਰਥੀ ਸੰਗਠਨਾਂ ਨੇ ਕਿਹਾ ਕਿ ਇਹ ਜਿੱਤ ਕੇਵਲ ਚੋਣਾਂ ਦੀ ਨਹੀਂ, ਸਗੋਂ ਯੂਨੀਵਰਸਿਟੀ ਦੀ ਆਤਮਨਿਰਭਰਤਾ ਅਤੇ ਲੋਕਤੰਤਰਕ ਹੱਕਾਂ ਦੀ ਹੈ।

