ਚੰਡੀਗੜ੍ਹ :- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਗੀਤ ‘ਬਰੋਟਾ’ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਗੀਤ ਦਾ ਟੀਜ਼ਰ ਅੱਜ ਜਾਰੀ ਹੋਇਆ ਅਤੇ ਸਿਰਫ਼ 27 ਮਿੰਟਾਂ ਵਿੱਚ 4.40 ਲੱਖ ਤੋਂ ਵੱਧ ਲੋਕਾਂ ਨੇ ਇਸਨੂੰ ਦੇਖ ਲਿਆ। ਮੂਸੇਵਾਲਾ ਦੇ ਚਾਹੁਣ ਵਾਲਿਆਂ ਦੀ ਮੁਹੱਬਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਉਹਨਾਂ ਦਾ ਹਰ ਨਵਾਂ ਗੀਤ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡਸ ਤੋੜਣ ਲੱਗ ਪੈਂਦਾ ਹੈ।
ਮੌਤ ਤੋਂ ਬਾਅਦ ਅੱਠਵਾਂ ਗੀਤ ਹੋਵੇਗਾ ਰਿਲੀਜ਼
ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਜੋ ਯੂਟਿਊਬ ਅਤੇ ਸੰਗੀਤ ਪਲੇਟਫਾਰਮਾਂ ‘ਤੇ ਕਈ ਨਵੇਂ ਮਾਪਦੰਡ ਬਣਾਉਂਦੇ ਰਹੇ। ਹੁਣ ‘ਬਰੋਟਾ’ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਅੱਠਵਾਂ ਗੀਤ ਹੋਵੇਗਾ, ਜਿਸ ਨੂੰ ਲੈ ਕੇ ਫੈਨਜ਼ ਵਿੱਚ ਬੇਹੱਦ ਉਤਸ਼ਾਹ ਹੈ।
ਬਲਕੌਰ ਸਿੰਘ ਸਿੱਧੂ ਵਲੋਂ ਗੀਤ ਬਾਰੇ ਜਾਣਕਾਰੀ
ਹਾਲ ਹੀ ਦੇ ਇਕ ਇੰਟਰਵਿਊ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਨੂੰ ਗੀਤ ਬਾਰੇ ਅਹਿਮ ਅਪਡੇਟ ਦਿੱਤਾ। ਉਨ੍ਹਾਂ ਦੱਸਿਆ ਕਿ ਗੀਤ ਦੀ ਪੂਰੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਅੰਤਿਮ ਤਿਆਰੀ ਦਾ ਛੋਟਾ-ਮੋਟਾ ਕੰਮ ਹੀ ਬਕੀ ਹੈ। ਉਨ੍ਹਾਂ ਕਿਹਾ, ਬਸ ਕੁਝ ਦਿਨਾਂ ਦੀ ਗੱਲ ਹੈ। ਸਿੱਧੂ ਦਾ ਨਵਾਂ ਗੀਤ ਤਿਆਰ ਹੈ। ਸ਼ੂਟ ਮੁੱਕ ਚੁੱਕੀ ਹੈ ਅਤੇ ਕੋਸ਼ਿਸ਼ ਰਹੇਗੀ ਕਿ 30 ਤਾਰੀਖ ਦੇ ਨੇੜੇ ਇਸਨੂੰ ਰਿਲੀਜ਼ ਕਰ ਦਿੱਤਾ ਜਾਵੇ।

