ਜਲੰਧਰ :- ਜਲੰਧਰ ਦੇ ਪਾਰਸ ਅਸਟੇਟ ‘ਚ 13 ਸਾਲ ਦੀ ਨਾਬਾਲਗ ਲੜਕੀ ਨਾਲ ਦੁਰਵਿਵਹਾਰ ਤੇ ਕਤਲ ਦੀ ਦਰਦਨਾਕ ਘਟਨਾ ਨੇ ਸਾਰੇ ਪੰਜਾਬ ਨੂੰ ਹਿਲਾ ਰੱਖਿਆ ਹੈ। ਇਸ ਮਾਮਲੇ ਨੇ ਸੁਰੱਖਿਆ ਪ੍ਰਣਾਲੀ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਬਾਲ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਬੁੱਧਵਾਰ ਨੂੰ ਪੀੜਤ ਪਰਿਵਾਰ ਨਾਲ ਮਿਲੇ।
ਇਹ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ – ਰਾਜ ਲਾਲੀ ਗਿੱਲ
ਰਾਜ ਲਾਲੀ ਗਿੱਲ ਨੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਇਹ ਕੇਸ ਸਿਰਫ਼ ਇੱਕ ਜੁਰਮ ਨਹੀਂ, ਸਗੋਂ ਸਮਾਜਕ ਵਿਵਸਥਾ ਲਈ ਝੰਝੋੜ ਦੇਣ ਵਾਲਾ ਧੱਕਾ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਦੋਸ਼ੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕੇਸ ਨੂੰ ਫਾਸਟ-ਟਰੈਕ ਅਦਾਲਤ ‘ਚ ਚਲਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ “ਇਹੋ ਜਿਹਾ ਅਪਰਾਧ ਕੋਈ ਵੀ ਮਾਫ਼ੀ ਦੇ ਯੋਗ ਨਹੀ। ਪਰਿਵਾਰ ਨੂੰ ਨਿਆਂ ਮਿਲੇਗਾ ਅਤੇ ਕਿਸੇ ਵੀ ਜ਼ਿੰਮੇਵਾਰ ਅਫਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪੁਲਿਸ ਦੀ ਲਾਪਰਵਾਹੀ ਵੀ ਆਈ ਚਰਚਾ ‘ਚ
ਮਹਿਲਾ ਕਮਿਸ਼ਨ ਚੇਅਰਪਰਸਨ ਨੇ ਇਸ ਮਾਮਲੇ ‘ਚ ਪੁਲਿਸ ਦੀ ਹੀਨ ਕਾਰਗੁਜ਼ਾਰੀ ਨੂੰ ਵੀ ਸਵਾਲਾਂ ਦੇ ਘੇਰੇ ‘ਚ ਰੱਖਿਆ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਾਹਮਣੇ ਆਈ ਪੁਲਿਸ ਦੀ ਲਾਪਰਵਾਹੀ ਉਤੇ ਸਖ਼ਤ ਕਾਰਵਾਈ ਜ਼ਰੂਰੀ ਹੈ। ਰਾਜ ਲਾਲੀ ਗਿੱਲ ਨੇ ਦੱਸਿਆ ਕਿ ਉਹ ਜਲੰਧਰ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਏਐਸਆਈ ਮੰਗਤ ਰਾਮ ਸਮੇਤ ਸਾਰੇ ਗਲਤੀਆਂ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਮੰਗ ਕਰਨਗੇ।
ਬੱਚਿਆਂ ਦੀ ਸੁਰੱਖਿਆ ਹੁਣ ਪਰਿਵਾਰ ਅਤੇ ਸਮਾਜ ਦੀ ਪਹਿਲੀ ਜ਼ਿੰਮੇਵਾਰੀ – ਬਾਲ ਕਮਿਸ਼ਨ
ਬਾਲ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਨੇ ਕਿਹਾ ਕਿ ਵਧ ਰਹੇ ਅਪਰਾਧਾਂ ਦੇ ਮੱਦੇਨਜ਼ਰ ਬੱਚਿਆਂ ਨੂੰ ਸੈਲਫ-ਡਿਫੈਂਸ ਦੀ ਸਿਖਲਾਈ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਸਮਾਜ ਨੂੰ ਹੁਣ ਸਿਰਫ਼ ਨਿਆਇਕ ਪ੍ਰਣਾਲੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਆਪ ਵੀ ਸੂਚਿਤ ਅਤੇ ਸਾਵਧਾਨ ਹੋਣ ਦੀ ਜ਼ਰੂਰਤ ਹੈ।
ਪੂਰੀ ਜਾਂਚ ‘ਤੇ ਨਜ਼ਰ, ਕੜੀ ਕਾਰਵਾਈ ਦਾ ਭਰੋਸਾ
ਦੋਵੇਂ ਕਮਿਸ਼ਨਾਂ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਜਾਂਚ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਕੋਈ ਵੀ ਦੋਸ਼ੀ, ਚਾਹੇ ਉਹ ਅਪਰਾਧੀ ਹੋਵੇ ਜਾਂ ਪੁਲਿਸ ਮੁਲਾਜ਼ਮ—ਬਚ ਨਹੀਂ ਸਕੇਗਾ। ਪਰਿਵਾਰ ਨੇ ਵੀ ਮਹਿਲਾ ਅਤੇ ਬਾਲ ਕਮਿਸ਼ਨ ਦੇ ਦੌਰੇ ਨੂੰ ਹੌਸਲਾ ਵੱਧਾਉਣ ਵਾਲਾ ਦੱਸਿਆ ਤੇ ਨਿਆਂ ਦੀ ਉਮੀਦ ਜ਼ਾਹਰ ਕੀਤੀ।

