ਗੁਰਦਾਸਪੁਰ :- ਗੁਰਦਾਸਪੁਰ ਵਿੱਚ ਮੰਗਲਵਾਰ ਦੇਰ ਰਾਤ ਥਾਣਾ ਸਿਟੀ ਦੇ ਬਾਹਰ ਇੱਕ ਤਿੱਖੀ ਆਵਾਜ਼ ਸੁਣੀ ਗਈ, ਜਿਸ ਨਾਲ ਇਲਾਕੇ ਵਿੱਚ ਚਿੰਤਾ ਤੇ ਘਬਰਾਹਟ ਪੈਦਾ ਹੋ ਗਈ। ਆਵਾਜ਼ ਇੰਨੀ ਤਿੱਖੀ ਸੀ ਕਿ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਮੌਕੇ ‘ਤੇ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਥਾਂ ‘ਤੇ ਦੌੜੀ ਅਤੇ ਨਜ਼ਦੀਕੀ ਇਲਾਕੇ ਦੀ ਜਾਂਚ ਸ਼ੁਰੂ ਕੀਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ : ਖਾਲਿਸਤਾਨੀ ਗਰੁੱਪ ਨੇ ਜ਼ਿੰਮੇਵਾਰੀ ਲਈ
ਰਾਤ ਦੀ ਆਵਾਜ਼ ਮਗਰੋਂ ਬੁੱਧਵਾਰ ਸਵੇਰੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਪੋਸਟ ਵਿੱਚ ਖਾਲਿਸਤਾਨੀ ਲਿਬਰੇਸ਼ਨ ਆਰਮੀ ਨਾਂ ਦੇ ਗਰੁੱਪ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਥਾਣਾ ਸਿਟੀ ਦੇ ਬਾਹਰ ਗ੍ਰੇਨੇਡ ਹਮਲਾ ਕੀਤਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ।ਉਹਨਾਂ ਦੀ ਪੋਸਟ ਵਿੱਚ ਉਕਸਾਉਣ ਵਾਲੀ ਭਾਸ਼ਾ ਵਰਤੀ ਗਈ, ਜਿਸ ਕਾਰਨ ਲੋਕਾਂ ਵਿੱਚ ਹੋਰ ਬੇਚੈਨੀ ਵੱਧ ਗਈ ਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਪੁਲਿਸ ਦਾ ਵੱਡਾ ਖੁਲਾਸਾ — ਧਮਾਕਾ ਨਹੀਂ, ਟਾਇਰ ਫਟਿਆ ਸੀ
ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਪਰ ਰਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ।ਐਸਪੀ (ਡੀ) ਡੀਕੇ ਚੌਧਰੀ ਨੇ ਸਪਸ਼ਟ ਕੀਤਾ ਕਿ “ਗੁਰਦਾਸਪੁਰ ਥਾਣਾ ਸਿਟੀ ਦੇ ਬਾਹਰ ਕਿਸੇ ਤਰ੍ਹਾਂ ਦਾ ਧਮਾਕਾ ਨਹੀਂ ਹੋਇਆ। ਵਾਇਰਲ ਪੋਸਟ ਫੇਕ ਹੈ।”
ਉਹਨਾਂ ਦੱਸਿਆ ਕਿ ਰਾਤ ਨੂੰ ਇੱਕ ਟਰੱਕ ਦਾ ਟਾਇਰ ਫਟਿਆ ਸੀ, ਅਤੇ ਉਹੀ ਆਵਾਜ਼ ਲੋਕਾਂ ਨੂੰ ਧਮਾਕੇ ਵਰਗੀ ਲੱਗੀ। ਥਾਣਾ ਸਿਟੀ ਇੰਚਾਰਜ ਦਵਿੰਦਰ ਪ੍ਰਕਾਸ਼ ਦੇ ਮੁਤਾਬਕ, ਮੌਕੇ ਤੋਂ ਨਾ ਤਾਂ ਧਮਾਕੇ ਦੇ ਨਿਸ਼ਾਨ ਮਿਲੇ ਨੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸ਼ੱਕੀ ਸਮੱਗਰੀ। ਸਾਰੀ ਜਾਂਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਸਿਰਫ਼ ਇੱਕ ਟਾਇਰ ਫਟਣ ਦੀ ਉੱਚੀ ਆਵਾਜ਼ ਸੀ।
ਫੇਕ ਪੋਸਟ ਪਾਉਣ ਵਾਲਿਆਂ ਦੀ ਖੋਜ ਜਾਰੀ
ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਖਾਲਿਸਤਾਨੀ ਲਿਬਰੇਸ਼ਨ ਆਰਮੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਂ ‘ਤੇ ਇਹ ਫੇਕ ਪੋਸਟ ਕਿਸ ਨੇ ਪਾਈ। ਦਾਅਵੇ ਕਰ ਰਹੇ ਪ੍ਰੋਫਾਈਲਾਂ ਦੀ ਜਾਂਚ ਹੋ ਰਹੀ ਹੈ ਅਤੇ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਇਸਦਾ ਮਕਸਦ ਲੋਕਾਂ ਵਿੱਚ ਡਰ ਫੈਲਾਉਣਾ ਸੀ ਜਾਂ ਕੋਈ ਹੋਰ ਮਨਸੂਬਾ।
ਲੋਕਾਂ ਨੂੰ ਅਪੀਲ – ਅਫ਼ਵਾਵਾਂ ਤੋਂ ਬਚੋ, ਸੱਚੀ ਜਾਣਕਾਰੀ ਲਈ ਪੁਲਿਸ ‘ਤੇ ਭਰੋਸਾ ਕਰੋ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਫੇਕ ਪੋਸਟ ਜਾਂ ਬਿਨਾ ਤਸਦੀਕ ਕੀਤੇ ਸੁਨੇਹੇ ਨੂੰ ਅੱਗੇ ਨਾ ਵਧਾਇਆ ਜਾਵੇ। ਇਸ ਤਰ੍ਹਾਂ ਦੀਆਂ ਅਫ਼ਵਾਵਾਂ ਕਾਨੂੰਨ–ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਬੇਵਜ੍ਹਾ ਤਣਾਅ ਪੈਦਾ ਕਰ ਸਕਦੀਆਂ ਹਨ।

