ਪੰਜਾਬ :- ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਪਿੰਡ ਮਰਾੜਾ ਨੇੜੇ ਉਸ ਵੇਲੇ ਦੁਖਦਾਈ ਹਾਦਸਾ ਵਾਪਰਿਆ ਜਦੋਂ ਇੱਕ ਨੌਜਵਾਨ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਦਰਿਆ ਦੀ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਚਾਨਕ ਟਰਾਲੀ ਦਾ ਸੰਤੁਲਨ ਗੁਆਚ ਗਿਆ ਅਤੇ ਪੂਰੀ ਟਰਾਲੀ ਦਰਿਆ ਦੇ ਡੂੰਘੇ ਹਿੱਸੇ ਵਿੱਚ ਪਲਟ ਗਈ। ਇਸ ਦੌਰਾਨ ਨੌਜਵਾਨ ਪਾਣੀ ਦੇ ਤੇਜ਼ ਬਹਾਅ ਨਾਲ ਰੁੜ ਗਿਆ ਅਤੇ ਮੁਕੱਦਰ ਨੇ ਸਾਥ ਛੱਡ ਦਿੱਤਾ।
ਹੜ੍ਹਾਂ ਤੋਂ ਬਾਅਦ ਚੜੀ ਰੇਤ ਨੂੰ ਹਟਾਉਣ ਦੌਰਾਨ ਵਾਪਰਿਆ ਹਾਦਸਾ
ਸਰੋਤਾਂ ਮੁਤਾਬਕ ਹੜ੍ਹਾਂ ਤੋਂ ਬਾਅਦ ਖੇਤਾਂ ਵਿੱਚ ਚੜ੍ਹੀ ਰੇਤ ਨੂੰ ਹਟਾਉਣ ਲਈ ਸਰਕਾਰੀ ਨੀਤੀ ਅਧੀਨ ਕਿਸਾਨ ਆਪਣੇ ਖੇਤਾਂ ਦੀ ਰੇਤ ਨੂੰ ਟਰੈਕਟਰ ਟਰਾਲੀਆਂ ਰਾਹੀਂ ਦਰਿਆ ਨੇੜੇ ਇੱਧਰ-ਉੱਧਰ ਕਰ ਰਹੇ ਸਨ। ਇਸੇ ਕੰਮ ਦੌਰਾਨ ਨੌਜਵਾਨ ਟਰੈਕਟਰ ‘ਤੇ ਸਵਾਰ ਸੀ, ਪਰ ਇੱਕ ਥਾਂ ‘ਤੇ ਟਰਾਲੀ ਡੂੰਘੇ ਖੱਡ ਵਾਲੇ ਹਿੱਸੇ ਵਿੱਚ ਫਸ ਗਈ ਤੇ ਪਲਟਣ ਨਾਲ ਨੌਜਵਾਨ ਪਾਣੀ ‘ਚ ਵਹਿ ਗਿਆ।
ਗੋਤਾਖੋਰਾਂ ਨੇ ਬਹੁਤ ਮਿਹਨਤ ਨਾਲ ਲਾਸ਼ ਕੱਢੀ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਰਾਹਤ ਟੀਮਾਂ ਨੂੰ ਸੂਚਨਾ ਦਿੱਤੀ। ਗੋਤਾਖੋਰਾਂ ਨੇ ਲੰਬੀ ਖੋਜ ਮੁਹਿੰਮ ਚਲਾਉਣ ਤੋਂ ਬਾਅਦ ਨੌਜਵਾਨ ਦੀ ਲਾਸ਼ ਦਰਿਆ ਤੋਂ ਬਾਹਰ ਕੱਢੀ।
ਮ੍ਰਿਤਕ ਦੀ ਪਹਿਚਾਣ ਹੋਈ, ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ
ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਪਿੰਡ ਮਾਖੋਵਾਲ, ਥਾਣਾ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਉਹ ਦਰਿਆ ਨੇੜਲੇ ਇੱਕ ਕਰੈਸ਼ਰ ‘ਤੇ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

