ਅਨੰਦਪੁਰ ਸਾਹਿਬ :- ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਸਰਬੱਤ ਦੇ ਭਲੇ ਦੀ ਅਰਦਾਸ’ ਸਮਾਗਮ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਤ ਲਈ ਇੱਕ ਅਹਿਮ ਤੇ ਇਤਿਹਾਸਕ ਫ਼ੈਸਲੇ ਦਾ ਐਲਾਨ ਕੀਤਾ ਹੈ। CM ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਵਿੱਤਰ ਘੋਸ਼ਿਤ ਕੀਤੇ ਤਿੰਨ ਸ਼ਹਿਰਾਂ — ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ — ਵਿਚ ਲੋਕਲ ਆਵਾਜਾਈ ਹੁਣ ਸਾਰਿਆਂ ਲਈ ਮੁਫ਼ਤ ਹੋਵੇਗੀ।
ਗੁਰੂਧਾਮਾਂ ਤੱਕ ਪਹੁੰਚ ਹੋਵੇਗੀ ਪੂਰੀ ਤਰ੍ਹਾਂ ਮੁਫ਼ਤ
ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਧਾਰਮਿਕ ਸ਼ਹਿਰਾਂ ਵਿੱਚ ਗੁਰੂਘਰਾਂ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਈ-ਰਿਕਸ਼ਾ, ਮਿੰਨੀ ਬੱਸਾਂ ਅਤੇ ਹੋਰ ਸਥਾਨਕ ਸਫ਼ਰ ਸਹੂਲਤਾਂ ਦਾ ਪੂਰਾ ਖਰਚਾ ਹੁਣ ਪੰਜਾਬ ਸਰਕਾਰ ਚੁੱਕੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੰਗਤ ਨੂੰ ਆਸਾਨ, ਇੱਜ਼ਤਦਾਰ ਅਤੇ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਨਾ ਹੈ, ਤਾਂ ਜੋ ਹਰ ਕੋਈ ਬਿਨਾ ਕਿਸੇ ਦਿੱਕਤ ਦੇ ਗੁਰੂਧਾਮਾਂ ਦੀ ਹਾਜ਼ਰੀ ਭਰ ਸਕੇ।
ਸਰਕਾਰ ਦੀ ਜ਼ਿੰਮੇਵਾਰੀ ਹੈ ਸੰਗਤ ਦੀ ਸੇਵਾ – ਸੀਐਮ ਮਾਨ
ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਤਿੰਨ ਸ਼ਹਿਰ ਪੰਜਾਬ ਦੀ ਰੂਹ ਹਨ ਅਤੇ ਇਨ੍ਹਾਂ ਦੀ ਪਵਿੱਤਰਤਾ ਨੂੰ ਮੰਨ-ਮਰਿਆਦਾ ਦੇ ਨਾਲ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ। ਇਸ ਲਈ ਲੋਕਲ ਟ੍ਰਾਂਸਪੋਰਟ ਮੁਫ਼ਤ ਕਰਨ ਦਾ ਫ਼ੈਸਲਾ ਸੰਗਤ ਦੀ ਸੁਵਿਧਾ ਅਤੇ ਮਰਿਆਦਾ ਦੋਵੇਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਸੰਗਤ ਵਾਸਤੇ ਆਵਾਜਾਈ ਦੀ ਨਵੀਂ ਪਹਲ
ਇਹ ਫ਼ੈਸਲਾ ਨਾ ਸਿਰਫ਼ ਯਾਤਰੀਆਂ ਦੀ ਲਾਗਤ ਘਟਾਏਗਾ, ਬਲਕਿ ਧਾਰਮਿਕ ਟੂਰਿਸਮ ਨੂੰ ਨਵੀਂ ਰਫ਼ਤਾਰ ਦੇਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਸਰਕਾਰ ਨੇ ਯਕੀਨ ਦਵਾਇਆ ਹੈ ਕਿ ਇਹ ਸੇਵਾ ਨਿਯਮਤ, ਸੁਚਾਰੂ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ।

