ਜੀਵਨ ਸਾਥੀ ਨੂੰ ਨਾ ਜੋੜਣਾ ਬਣ ਰਿਹਾ ਅਰਜ਼ੀ ਰੱਦ ਹੋਣ ਦਾ ਕਾਰਨ
ਕੈਨੇਡਾ ਵਿਚ ਸਥਾਈ ਨਿਵਾਸੀ (PR) ਬਣਨ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵਲੋਂ ਐਕਸਪ੍ਰੈਸ ਐਂਟਰੀ ਰਾਹੀਂ ਆ ਰਹੀਆਂ ਅਰਜ਼ੀਆਂ ਨੂੰ ਤੇਜ਼ੀ ਨਾਲ ਰੱਦ ਕੀਤਾ ਜਾ ਰਿਹਾ ਹੈ, ਖ਼ਾਸ ਕਰਕੇ ਉਹ ਅਰਜ਼ੀਆਂ ਜਿੱਥੇ ਬਿਨੈਕਾਰ ਨੇ ਆਪਣੇ ਜੀਵਨ ਸਾਥੀ — ਪਤੀ ਜਾਂ ਪਤਨੀ — ਨੂੰ ਸ਼ਾਮਲ ਨਹੀਂ ਕੀਤਾ।
ਇਹ ਟਰੈਂਡ ਉਹਨਾਂ ਮਾਮਲਿਆਂ ਵਿਚ ਵੱਧ ਵੇਖਿਆ ਗਿਆ ਹੈ ਜਿੱਥੇ ਬਿਨੈਕਾਰ ਨੇ ਜੀਵਨ ਸਾਥੀ ਨੂੰ ਅਰਜ਼ੀ ਦੌਰਾਨ ਗੈਰ-ਮੌਜੂਦ ਦੱਸਿਆ ਜਾਂ ਬਾਅਦ ਵਿੱਚ ਜੋੜਨ ਦੀ ਯੋਜਨਾ ਦੱਸੀ। ਇਮੀਗ੍ਰੇਸ਼ਨ ਸਲਾਹਕਾਰਾਂ ਮੁਤਾਬਕ ਕੈਨੇਡਾ ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਰੇ ਪਰਿਵਾਰਕ ਮੈਂਬਰ ਇਕੱਠੇ ਆ ਕੇ ਨਿਵਾਸੀ ਬਣਨ।
ਸਾਫ-ਸੁਥਰੀ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ
PR ਅਰਜ਼ੀ ਦਾਇਰ ਕਰਦੇ ਸਮੇਂ, ਜੀਵਨ ਸਾਥੀ ਦੀ ਮੌਜੂਦਾ ਸਥਿਤੀ ਸਪਸ਼ਟ ਦੱਸਣੀ ਜ਼ਰੂਰੀ ਹੈ, ਭਾਵੇਂ ਉਹ ਬਿਨੈਕਾਰ ਨਾਲ ਨਾ ਆ ਰਿਹਾ ਹੋਵੇ। ਜੇਕਰ ਜੀਵਨ ਸਾਥੀ ਨੂੰ ਬਾਅਦ ਵਿੱਚ ਲਿਆਂਦਾ ਜਾਣਾ ਹੋਵੇ, ਤਾਂ ਉਸ ਲਈ ਵੱਖਰੇ ਤੌਰ ‘ਤੇ ਅਰਜ਼ੀ ਦੈਣੀ ਪਏਗੀ।
ਕੁਝ ਮਾਮਲਿਆਂ ਵਿੱਚ ਲੋੜੀਂਦੇ ਸਕੋਰ ਹਾਸਲ ਕਰਨ ਦੀ ਨੀਤੀ ਤਹਿਤ ਬਿਨੈਕਾਰ ਆਪਣੇ ਜੀਵਨ ਸਾਥੀ ਨੂੰ ਅਰਜ਼ੀ ‘ਚੋਂ ਬਾਹਰ ਰੱਖਦੇ ਹਨ, ਕਿਉਂਕਿ ਇਕਹਿਰੇ ਬਿਨੈਕਾਰ ਨੂੰ ਵਾਧੂ 40 ਅੰਕ ਮਿਲਦੇ ਹਨ। ਪਰ ਹੁਣ ਇਸ ਤਰ੍ਹਾਂ ਦੀਆਂ ਅਰਜ਼ੀਆਂ ਵੀ ਚੈੱਕ ਹੋ ਰਹੀਆਂ ਹਨ।
ਭਾਰਤੀਆਂ ਲਈ ਵੱਡੀ ਚੇਤਾਵਨੀ
ਸਿਰਫ਼ ਕੈਨੇਡਾ ਤੋਂ ਬਾਹਰ ਨਹੀਂ, ਸਗੋਂ ਅੰਦਰ ਮੌਜੂਦ ਵਿਅਕਤੀ ਵੀ ਐਕਸਪ੍ਰੈਸ ਐਂਟਰੀ ਰਾਹੀਂ PR ਲਈ ਅਰਜ਼ੀ ਦੇ ਸਕਦੇ ਹਨ। 2023 ਵਿੱਚ 52,100 ਭਾਰਤੀਆਂ ਨੂੰ ਸਥਾਈ ਨਿਵਾਸੀ ਬਣਨ ਲਈ ਸੱਦੇ ਮਿਲੇ, ਜੋ ਕਿ ਕੁੱਲ ਅਰਜ਼ੀਆਂ ਦਾ 47% ਸੀ।
ਇਸੇ ਕਾਰਨ ਸਲਾਹ ਦਿੱਤੀ ਜਾ ਰਹੀ ਹੈ ਕਿ PR ਅਰਜ਼ੀ ਦੇਣ ਤੋਂ ਪਹਿਲਾਂ ਇਮੀਗ੍ਰੇਸ਼ਨ ਸਲਾਹਕਾਰ ਨਾਲ ਵਿਸਥਾਰ ਵਿਚ ਸਲਾਹ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਅਰਜ਼ੀ ਰੱਦ ਹੋਣ ਤੋਂ ਬਚਿਆ ਜਾ ਸਕੇ।