ਅਨੰਦਪੁਰ ਸਾਹਿਬ :- ਸ੍ਰੀ ਅਨੰਦਪੁਰ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹਿਰ ਲਈ ਇੱਕ ਵੱਡੇ ਪ੍ਰੋਜੈਕਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਵਰਲਡ ਕਲਾਸ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ, ਜੋ ਸਿੱਖਿਆ, ਖੋਜ ਅਤੇ ਗੁਰਮਤਿ ਵਿਚਾਰਧਾਰਾ ਦਾ ਕੇਂਦਰ ਬਣੇਗੀ।
ਸੰਗਤ ਨਾਲ ਸਲਾਹ ਕਰਕੇ ਤੈਅ ਹੋਣਗੇ ਵਿਸ਼ੇ
CM ਮਾਨ ਨੇ ਸਪਸ਼ਟ ਕੀਤਾ ਕਿ ਯੂਨੀਵਰਸਿਟੀ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਬਾਰੇ ਫ਼ੈਸਲੇ ਸੰਗਤ ਦੀ ਰਾਏ ਨਾਲ ਕੀਤੇ ਜਾਣਗੇ। ਇੱਥੇ ਇੱਕ ਖ਼ਾਸ ਚੇਅਰ ਵੀ ਬਣੇਗੀ, ਜਿੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਗਹਿਰਾ ਅਧਿਐਨ ਹੋਵੇਗਾ। ਨਾਲ ਹੀ ਗੁਰੂਆਂ ਦੀ ਬਾਣੀ ਦਾ ਦੁਨੀਆ ਦੀਆਂ ਵੱਖ-ਵੱਖ ਬੋਲੀਆਂ ਵਿੱਚ ਅਨੁਵਾਦ ਕਰਕੇ, ਸਿੱਖ ਧਰਮ ਦੇ ਸੁਨੇਹੇ ਨੂੰ ਗਲੋਬਲ ਪੱਧਰ ’ਤੇ ਪਹੁੰਚਾਇਆ ਜਾਵੇਗਾ।
ਸੰਗਤ ਦੀ ਸਹੂਲਤ ਲਈ ਬਣੇ ਪ੍ਰਬੰਧ ਰਹਿਣਗੇ ਸਥਾਈ
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸੰਗਤ ਦੀ ਸੁਖ-ਸੁਵਿਧਾ ਲਈ ਕੀਤੇ ਗਏ ਬਹਿਤਰੀਨ ਪ੍ਰਬੰਧ ਸਮਾਗਮ ਖ਼ਤਮ ਹੋਣ ਤੋਂ ਬਾਅਦ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸਥਾਈ ਤੌਰ ’ਤੇ ਸੁਧਰੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ।
ਅਗਲੇ ਸਾਲ ਵੀ ਸ਼ਹੀਦੀ ਦਿਹਾੜਾ ਹੋਵੇਗਾ ਵਿਸ਼ਾਲ ਪੱਧਰ ’ਤੇ
CM ਮਾਨ ਨੇ ਇਹ ਵੀ ਘੋਸ਼ਣਾ ਕੀਤੀ ਕਿ ਅਗਲਾ, 351ਵਾਂ ਸ਼ਹੀਦੀ ਦਿਹਾੜਾ ਵੀ ਇੱਥੇ ਹੀ ਅਤੇ ਇੰਨੇ ਹੀ ਸ਼ਾਨ਼ ਦੇ ਨਾਲ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਲਾ-ਮਹੱਲਾ ਸਮਾਗਮ ਵੀ ਦੁਰੁਸਤ ਪ੍ਰਬੰਧਾਂ ਅਤੇ ਵਧੇਰੇ ਸੁਵਿਧਾਵਾਂ ਨਾਲ ਮਨਾਇਆ ਜਾਵੇਗਾ।
ਚਰਨ ਗੰਗਾ ਸਟੇਡੀਅਮ ਬਣੇਗਾ ਇੰਟਰਨੈਸ਼ਨਲ ਮਿਆਰ ਦਾ
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਚਰਨ ਗੰਗਾ ਸਟੇਡੀਅਮ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੇ ਮਿਆਰ ’ਤੇ ਅੱਪਗ੍ਰੇਡ ਕੀਤਾ ਜਾਵੇਗਾ, ਤਾਂ ਜੋ ਖੇਡਾਂ ਅਤੇ ਵੱਡੇ ਪ੍ਰੋਗਰਾਮਾਂ ਲਈ ਇਹ ਇੱਕ ਮਜ਼ਬੂਤ ਢਾਂਚਾ ਬਣ ਸਕੇ।

