ਧਾਰੜ :- ਤਰਨਤਾਰਨ ਦੇ ਸਿਟੀ ਥਾਣੇ ਦੀ ਪੁਲਸ ਨੇ ਪੰਜਾਬ ਪੁਲਸ ਵਿਚ ਭਰਤੀ ਹੋਣ ਸਮੇਂ ਕਥਿਤ ਤੌਰ ‘ਤੇ ਆਪਣੀ ਉਮਰ ਦੀ ਗਲਤ ਜਾਣਕਾਰੀ ਦੇ ਕੇ ਨੌਕਰੀ ਹਾਸਲ ਕਰਨ ਦੇ ਮਾਮਲੇ ਵਿਚ ਇਕ ਰਿਟਾਇਰਡ ਏਐੱਸਆਈ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਧਾਰੜ ਪਿੰਡ ਦੇ ਨਿਵਾਸੀ ਕਰਨੈਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਅਨੋਖ ਸਿੰਘ ਪੁੱਤਰ ਅਮਰ ਸਿੰਘ ਨੇ ਸਾਲ 1980-81 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ (ਜਲੰਧਰ) ਤੋਂ ਦਸਵੀਂ ਕਰੀ ਸੀ। ਸਕੂਲ ਦੇ ਦਸਤਾਵੇਜ਼ਾਂ ਮੁਤਾਬਕ ਉਸ ਦੀ ਜਨਮ ਮਿਤੀ 20 ਮਈ 1962 ਦਰਜ ਹੈ, ਪਰ ਅਨੋਖ ਸਿੰਘ ਨੇ ਪੰਜਾਬ ਪੁਲਸ ਵਿਚ ਭਰਤੀ ਲਈ ਜਨਮ ਮਿਤੀ 20 ਮਈ 1965 ਦਰਸਾਈ, ਜਿਸ ਰਾਹੀਂ ਉਸ ਨੇ ਨੌਕਰੀ ਲੈ ਲਈ।
ਕਰਨੈਲ ਸਿੰਘ ਨੇ ਦੋਸ਼ ਲਾਇਆ ਕਿ ਅਜਿਹਾ ਕਰਕੇ ਅਨੋਖ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਨਾਲ ਧੋਖਾ ਕੀਤਾ ਹੈ। ਅਨੋਖ ਸਿੰਘ ਸਾਲ 2022 ਵਿੱਚ ਰਿਟਾਇਰ ਹੋਇਆ ਸੀ।
ਸ਼ਿਕਾਇਤਕਰਤਾ ਨੇ ਇਸ ਮਾਮਲੇ ਸਬੰਧੀ ਸਾਰੇ ਸਬੂਤ ਇਕੱਠੇ ਕਰਕੇ ਐੱਸਐੱਸਪੀ ਤਰਨਤਾਰਨ ਨੂੰ ਸੌਂਪੇ, ਜਿਸ ਤੋਂ ਬਾਅਦ ਜਾਂਚ ਹੋਈ। ਏਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਮਗਰੋਂ ਅਨੋਖ ਸਿੰਘ ਵਿਰੁੱਧ ਮਾਮਲਾ ਨੰਬਰ 182 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।