ਚੰਡੀਗੜ੍ਹ :- ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਇੱਕ ਗੰਭੀਰ ਦੋਸ਼ਬਾਜ਼ੀ ਦੇ ਕੇਂਦਰ ‘ਚ ਆ ਗਈ ਹੈ। ਇਲਜ਼ਾਮ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਇੱਕ ਹਿੱਸਾ ਸਰਹਿੰਦ ਦੀ ਸਦੀਆਂ ਪੁਰਾਣੀ ਅਤੇ ਪਵਿੱਤਰ ਮਸਜਿਦ ਦੇ ਅੰਦਰ ਗੁਪਤ ਤਰੀਕੇ ਨਾਲ ਫਿਲਮਾਇਆ ਗਿਆ। ਮੁਸਲਿਮ ਧਾਰਮਿਕ ਜਥੇਬੰਦੀਆਂ ਨੇ ਇਸਨੂੰ ਮਸਜਿਦ ਦੀ ਪਵਿੱਤਰਤਾ ਨਾਲ ਖਿਲਵਾਰ ਦੱਸਦਿਆਂ ਕੜਾ ਵਿਰੋਧ ਪ੍ਰਗਟ ਕੀਤਾ ਹੈ।
ਇਜਾਜ਼ਤ ਤੋਂ ਬਿਨਾਂ ਮਸਜਿਦ ਅੰਦਰ ਸ਼ੂਟਿੰਗ ਦਾ ਦੋਸ਼
ਮਿਲੀ ਜਾਣਕਾਰੀ ਮੁਤਾਬਕ, ਫਿਲਮ ਯੂਨਿਟ ਨੇ ਨਾ ਸਿਰਫ਼ ਮਸਜਿਦ ਦੇ ਅੰਦਰ ਦ੍ਰਿਸ਼ ਕੈਪਚਰ ਕੀਤੇ, ਸਗੋਂ ਉਸਦੀ ਇਤਿਹਾਸਕ ਰਚਨਾ ਅਤੇ ਸ਼ਾਂਤ ਮਾਹੌਲ ਨੂੰ ਮਨੋਰੰਜਕ ਸੀਨਾਂ ਲਈ ਵਰਤਿਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਨਾ ਕੋਈ ਧਾਰਮਿਕ ਇਜਾਜ਼ਤ ਲਈ ਗਈ ਅਤੇ ਨਾ ਹੀ ਮਸਜਿਦ ਪ੍ਰਬੰਧਕੀ ਨੂੰ ਅਗਾਹ ਕੀਤਾ ਗਿਆ। ਇਸ ਤੋਂ ਇਲਾਵਾ, ਕੁਝ ਸੀਨਾਂ ਨੂੰ ਮਸਜਿਦ ਦੀ ਪਵਿੱਤਰਤਾ ਦੀ ਸਪੱਸ਼ਟ ਉਲੰਘਣਾ ਦੱਸਦਿਆਂ ਵੀ ਸਵਾਲ ਉੱਠ ਰਹੇ ਹਨ।
ਸ਼ਾਹੀ ਇਮਾਮ ਵੱਲੋਂ ਤਿੱਖੀ ਨਾਰਾਜ਼ਗੀ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਮਾਮਲੇ ‘ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਮਸਜਿਦ ਅੰਦਰ ਬਿਨਾਂ ਮਨਜ਼ੂਰੀ ਸ਼ੂਟਿੰਗ ਕਰਨਾ ਧਾਰਮਿਕ ਸਿਧਾਂਤਾਂ ਦੀ ਸਿੱਧੀ ਉਲੰਘਣਾ ਹੈ ਤੇ ਕੌਮ ਦੀਆਂ ਭਾਵਨਾਵਾਂ ਨੂੰ ਤਕਲੀਫ਼ ਪਹੁੰਚਾਉਣ ਵਾਲੀ ਗੱਲ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਉਮੀਦ ਜਤਾ ਰਹੇ ਹਨ ਕਿ ਸ਼ਾਹੀ ਇਮਾਮ ਵੱਲੋਂ ਸ਼ੂਟਿੰਗ ਨਾਲ ਸੰਬੰਧਤ ਕੁਝ ਮਹੱਤਵਪੂਰਨ ਤੇ “ਸੰਵੇਦਨਸ਼ੀਲ ਸਬੂਤ” ਵੀ ਸਾਹਮਣੇ ਰੱਖੇ ਜਾਣਗੇ।
ਫਿਲਮ ਯੂਨਿਟ ‘ਤੇ ਵੱਡੇ ਸਵਾਲ
ਇਸ ਪੂਰੇ ਮਾਮਲੇ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਚਰਚਾ ਚਲਾਈ ਹੋਈ ਹੈ। ਧਾਰਮਿਕ ਸਥਾਨਾਂ ਦੇ ਸੰਵੇਦਨਸ਼ੀਲ ਪ੍ਰਯੋਗ ਬਾਰੇ ਫਿਲਮ ਨਿਰਮਾਤਾਵਾਂ ਦੀ ਜ਼ਿੰਮੇਵਾਰੀ ਮੁੜ ਚਰਚਾ ਵਿਚ ਆ ਗਈ ਹੈ। ਫਿਲਹਾਲ ਲੋਕਾਂ ਦੀ ਨਜ਼ਰ ਅੱਜ ਦੀ ਪ੍ਰੈਸ ਕਾਨਫਰੰਸ ‘ਤੇ ਟਿਕੀ ਹੋਈ ਹੈ।

