ਸੰਗਰੂਰ :- ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਇਲਾਕੇ ਵਿੱਚ ਕੱਲ੍ਹ ਦੇਰ ਰਾਤ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮਿਲੀ ਹੈ ਕਿ ਕਾਕੂਵਾਲਾ ਨੇੜੇ ਪਾਤੜਾਂ ਰੋਡ ‘ਤੇ ਤੇਜ਼ ਰਫ਼ਤਾਰ ਨਾਲ ਦੌੜ ਰਹੀ ਕਾਲੀ BMW ਬੇਕਾਬੂ ਹੋ ਕੇ ਭਿਆਨਕ ਤਰੀਕੇ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ।
ਕੈਂਟਰ ਨਾਲ ਟੱਕਰ, ਫਿਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਜਾ ਡਿੱਗੀ
ਮੌਕੇ ਵਾਲੇ ਲੋਕਾਂ ਦੇ ਮੁਤਾਬਕ, ਕਾਰ ਸਭ ਤੋਂ ਪਹਿਲਾਂ ਇੱਕ ਕੈਂਟਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਡਿਵਾਈਡਰ ਟੱਪ ਕੇ ਸੜਕ ਦੇ ਵਿਰੋਧੀ ਪਾਸੇ ਜਾ ਪਈ। ਕਾਰ ਦੇ ਅੱਗੇਲੇ ਹਿੱਸੇ ਦਾ ਬੁਰਾ ਹਾਲ ਹੋ ਗਿਆ ਤੇ ਸਾਰੇ ਨੌਜਵਾਨ ਕਾਰ ਵਿੱਚ ਫਸ ਗਏ।
5 ਨੌਜਵਾਨ ਸਵਾਰ – 2 ਦੀ ਮੌਤ, 3 ਹਸਪਤਾਲ ਵਿਚ ਜਿੰਦਗੀ ਦੀ ਜੰਗ
ਰਾਹਗੀਰਾਂ ਨੇ ਬਹੁਤ ਜ਼ੋਰ ਲਾ ਕੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢਿਆ ਤੇ ਤੁਰੰਤ ਪਾਤੜਾਂ ਹਸਪਤਾਲ ਲਿਜਾਇਆ। ਇਨ੍ਹਾਂ ਵਿੱਚੋਂ ਦੋ ਨੌਜਵਾਨ — ਇੱਕ ਦਿੜ੍ਹਬਾ ਦਾ ਅਤੇ ਇੱਕ ਪਿੰਡ ਉਬਿਆ ਦਾ ਰਹਿਣ ਵਾਲਾ — ਜ਼ਖਮਾਂ ਦੇ ਕਾਰਨ ਜ਼ਿੰਦਗੀ ਹਾਰ ਗਏ। ਬਾਕੀ ਤਿੰਨ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਸਾਰੇ ਨੌਜਵਾਨਾਂ ਦੀ ਉਮਰ 18 ਤੋਂ 22 ਸਾਲ ਦਰਮਿਆਨ ਦੱਸੀ ਜਾ ਰਹੀ ਹੈ।
ਪੁਲਿਸ ਨੇ ਕੀਤਾ ਮਾਮਲਾ ਦਰਜ – ਪਰਿਵਾਰਾਂ ਦੇ ਬਿਆਨ ਲਏ
ਅੱਜ ਦਿੜ੍ਹਬਾ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਜਗ੍ਹਾ ਤੋਂ ਸਾਰੇ ਸਬੂਤ ਇਕੱਤਰ ਕਰਕੇ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।
ਇਲਾਕੇ ‘ਚ ਸੋਗ, ਲੋਕਾਂ ਨੂੰ ਅਪੀਲ
ਸਥਾਨਕ ਲੋਕਾਂ ਨੇ ਇਸ ਦੁਖਦਾਈ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਨਾਲ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਮੋਟਰਗੱਡੀਆਂ ਨੂੰ ਤੇਜ਼ ਰਫ਼ਤਾਰ ਨਾਲ ਨਾ ਚਲਾਇਆ ਜਾਵੇ, ਕਿਉਂਕਿ ਇੱਕ ਪਲ ਦੀ ਲਾਪਰਵਾਹੀ ਪੂਰੇ ਪਰਿਵਾਰ ਦੀ ਜ਼ਿੰਦਗੀ ਉਲਟਾ ਸਕਦੀ ਹੈ।

