ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਨੇ ਸੂਬੇ ਦੇ ਹਜ਼ਾਰਾਂ ਬੱਚਿਆਂ ਲਈ ਨਵੀਆਂ ਰਾਹਦਾਰੀਆਂ ਖੋਲ੍ਹ ਦਿੱਤੀਆਂ ਹਨ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
ਸਕਾਲਰਸ਼ਿਪ ਲੈਣ ਵਾਲੇ ਬੱਚਿਆਂ ਦੀ ਗਿਣਤੀ ‘ਚ ਇਤਿਹਾਸਕ ਵਾਧਾ
ਸਰਕਾਰੀ ਅੰਕੜਿਆਂ ਅਨੁਸਾਰ ਜਿੱਥੇ 2021 ਦੇ ਅੰਤ ਤੱਕ ਕੇਵਲ 76,842 ਵਿਦਿਆਰਥੀ ਇਸ ਸਕੀਮ ਹੇਠ ਲਾਭ ਲੈ ਰਹੇ ਸਨ, ਉੱਥੇ 2024-25 ਵਿੱਚ ਇਹ ਗਿਣਤੀ ਵਧ ਕੇ 2,37,456 ਹੋ ਗਈ। ਇਹ ਵਾਧਾ ਤਕਰੀਬਨ 35 ਫ਼ੀਸਦੀ ਹੈ, ਜੋ ਰਾਜ ਦੇ ਸਿੱਖਿਆ ਸੱਧਾਰ ਯਤਨਾਂ ਦੀ ਵੱਡੀ ਸਫਲਤਾ ਵਜੋਂ ਵੇਖਿਆ ਜਾ ਰਿਹਾ ਹੈ।
ਤਿੰਨ ਸਾਲਾਂ ਵਿੱਚ ਲਗਭਗ 6.78 ਲੱਖ ਵਿਦਿਆਰਥੀਆਂ ਨੂੰ ਮਿਲਿਆ ਲਾਭ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਮੌਜੂਦਾ ਸਰਕਾਰ ਨੇ ਤਿੰਨ ਸਾਲ ਤੋਂ ਵੱਧ ਸਮੇਂ ਵਿੱਚ 6 ਲੱਖ 78 ਹਜ਼ਾਰ ਵਿਦਿਆਰਥੀਆਂ ਤੱਕ ਸਕਾਲਰਸ਼ਿਪ ਦੀ ਪਹੁੰਚ ਬਣਾਈ ਹੈ। ਇਹ ਗਿਣਤੀ ਪਿਛਲੇ ਪੰਜ ਸਾਲਾਂ ਦੌਰਾਨ ਲਾਭ ਲੈਣ ਵਾਲੇ 3 ਲੱਖ 71 ਹਜ਼ਾਰ ਬੱਚਿਆਂ ਨਾਲੋਂ ਕਰੀਬ 3 ਲੱਖ ਵਧ ਹੈ।
ਅਗਲੇ ਸਾਲ ਲਈ ਵੱਡਾ ਟੀਚਾ – 2.70 ਲੱਖ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਤਿਆਰੀ
ਸਰਕਾਰ ਨੇ ਸਾਲ 2025-26 ਵਿੱਚ ਇਸ ਸਕੀਮ ਤਹਿਤ 2 ਲੱਖ 70 ਹਜ਼ਾਰ ਵਿਦਿਆਰਥੀਆਂ ਤੱਕ ਲਾਭ ਪਹੁੰਚਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਇਸ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਸਰਕਾਰ ਵੱਲੋਂ ਵਿਆਪਕ ਜਾਗਰੂਕਤਾ ਮੁਹਿੰਮ
ਸਕੀਮ ਦਾ ਲਾਭ ਹਰ ਯੋਗ ਵਿਦਿਆਰਥੀ ਤੱਕ ਪਹੁੰਚਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵੱਡੇ ਪੱਧਰ ‘ਤੇ ਸੈਮੀਨਾਰ ਅਤੇ ਜਾਣੂਕਾਰੀ ਕਲਾਸਾਂ ਕੀਤੀਆਂ ਜਾ ਰਹੀਆਂ ਹਨ। +2 ਦੇ ਬੱਚਿਆਂ ਨੂੰ ਵੀ ਸਕਾਲਰਸ਼ਿਪ ਦੀ ਯੋਗਤਾ, ਫਾਰਮ ਪ੍ਰਕਿਰਿਆ ਅਤੇ ਲਾਭਾਂ ਬਾਰੇ ਸੈਂਸਟਾਈਜ਼ ਕੀਤਾ ਜਾ ਰਿਹਾ ਹੈ।
ਉੱਚ ਕੋਟੀ ਦੇ 11 ਨਵੇਂ ਸੰਸਥਾਨ ਵੀ ਸਕੀਮ ਹੇਠ ਜੋੜੇ ਗਏ
ਇਸ ਸਾਲ ਸਰਕਾਰ ਨੇ ਉੱਚ ਸਿੱਖਿਆ ਦੇ 11 ਪ੍ਰਮੁੱਖ ਸੰਸਥਾਨਾਂ ਨੂੰ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਸ਼ਾਮਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਦਾਖਲਾ ਲੈਣ ਵਾਲੇ ਮੈਰਿਟੋਰਿਸ ਵਿਦਿਆਰਥੀ ਵੀ ਹੁਣ ਸਕਾਲਰਸ਼ਿਪ ਦਾ ਲਾਭ ਲੈ ਸਕਣਗੇ।
ਨਵੇਂ ਸ਼ਾਮਲ ਕੀਤੇ ਗਏ ਸੰਸਥਾਨ
-
ਏਮਸ ਬਠਿੰਡਾ
-
ਆਈਆਈਟੀ ਰੋਪੜ
-
ਐਨਆਈਟੀ ਜਲੰਧਰ
-
ਆਈਆਈਐਮ ਅੰਮ੍ਰਿਤਸਰ
-
ਨਾਇਪਰ ਮੋਹਾਲੀ
-
ਨਿਫਟ ਮੋਹਾਲੀ
-
ਆਈਐਸਆਈ ਚੰਡੀਗੜ੍ਹ
-
ਥਾਪਰ ਯੂਨੀਵਰਸਿਟੀ ਪਟਿਆਲਾ
-
ਆਰਜੀਐਨਯੂਐਲ ਪਟਿਆਲਾ
-
ਆਈਸਰ ਮੋਹਾਲੀ
-
ਆਈਐਚਐਮ ਗੁਰਦਾਸਪੁਰ
ਸੂਬਾਈ ਸਰਕਾਰ ਦਾ ਦਾਅਵਾ ਹੈ ਕਿ ਇਹ ਸਾਰੇ ਯਤਨ ਇੱਕ ਅਜਿਹਾ ਸਿੱਖਿਆਤਮਕ ਮਾਹੌਲ ਬਣਾਉਣ ਵੱਲ ਵੱਡਾ ਕਦਮ ਹਨ, ਜਿੱਥੇ ਹਰ ਯੋਗ ਬੱਚੇ ਨੂੰ ਆਰਥਿਕ ਰੁਕਾਵਟਾਂ ਤੋਂ ਉਪਰ ਉੱਚ ਸਿੱਖਿਆ ਤੱਕ ਪਹੁੰਚ ਮਿਲੇ।

