ਚੰਡੀਗੜ੍ਹ :- ਚੰਡੀਗੜ੍ਹ ਵਿੱਚ ਅੱਜ BJP ਮਹਿਲਾ ਮੋਰਚੇ ਵੱਲੋਂ ਸੱਤਾ ਧਾਰੀ ਆਮ ਆਦਮੀ ਪਾਰਟੀ ਸਰਕਾਰ ਦੇ ਖ਼ਿਲਾਫ਼ ਹੋਇਆ ਪ੍ਰਦਰਸ਼ਨ ਤਣਾਅਪੂਰਨ ਮਾਹੌਲ ਵਿੱਚ ਬਦਲ ਗਿਆ। ਆਰਥਿਕ ਸਹਾਇਤਾ ਸਕੀਮ ਨੂੰ ਲੈ ਕੇ ਵਾਅਦੇ ਪੂਰੇ ਨਾ ਹੋਣ ਦੇ ਦੋਸ਼ਾਂ ’ਚ ਸੈਂਕੜੇ ਮਹਿਲਾਵਾਂ ਨੇ ਸੜਕਾਂ ’ਤੇ ਉਤਰ ਕੇ ਆਪਣਾ ਰੋਸ ਜਤਾਇਆ।
ਬੀਬਾ ਜੈ ਇੰਦਰ ਕੌਰ ਦੀ ਅਗਵਾਈ ’ਚ ਸੜਕਾਂ ’ਤੇ ਉਤਰੀਆਂ ਸੈਂਕੜੇ ਮਹਿਲਾਵਾਂ
BJP ਮਹਿਲਾ ਮੋਰਚਾ ਨੇ ਬੀਬਾ ਜੈ ਇੰਦਰ ਕੌਰ ਦੀ ਅਗਵਾਈ ਹੇਠ ਵੱਡਾ ਰੋਸ-ਮਾਰਚ ਕੀਤਾ। ਮਹਿਲਾਵਾਂ ਦਾ ਮੁੱਖ ਦੋਸ਼ ਸੀ ਕਿ AAP ਸਰਕਾਰ ਨੇ ਚੋਣਾਂ ਦੌਰਾਨ ਹਰ ਔਰਤ ਨੂੰ 1,000 ਰੁਪਏ ਮਹੀਨਾਵਾਰ ਸਹਾਇਤਾ ਦੇਣ ਦਾ ਐਲਾਨ ਤਾਂ ਕੀਤਾ ਸੀ, ਪਰ ਉਸਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਸੀਐਮ ਮਾਨ ਦੀ ਰਿਹਾਇਸ਼ ਵੱਲ ਮਾਰਚ, ਪੁਲਿਸ ਨੇ ਲਗਾਏ ਬੈਰੀਕੇਡ
ਮਹਿਲਾ ਮੋਰਚਾ ਵੱਲੋਂ ਬੀਜੇਪੀ ਦਫ਼ਤਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ। ਪਰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਹੀ ਸਖ਼ਤ ਨਾਕਾਬੰਦੀ ਕਰਦੇ ਹੋਏ ਬੈਰੀਕੇਡ ਲੱਗਾ ਕਰ ਉਨ੍ਹਾਂ ਦੇ ਅੱਗੇ ਵਧਣ ਨੂੰ ਰੋਕ ਦਿੱਤਾ। ਜਦੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਮੌਕੇ ’ਤੇ ਹਾਲਾਤ ਤਣਾਅਪੂਰਨ ਹੋ ਗਏ ਅਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਕਰਾਰ ਹੋਈ।
ਪੁਲਿਸ ਨੇ ਕਈ ਮਹਿਲਾ ਆਗੂਆਂ ਨੂੰ ਹਿਰਾਸਤ ਚ ਲਿਆ
ਨਿਯੰਤਰਣ ਤੋਂ ਬਾਹਰ ਹੋ ਰਹੀ ਭੀੜ ਨੂੰ ਸੰਭਾਲਣ ਲਈ ਪੁਲਿਸ ਨੇ ਕਾਰਵਾਈ ਕਰਦਿਆਂ ਬੀਬਾ ਜੈ ਇੰਦਰ ਕੌਰ, ਪਰਮਪਾਲ ਕੌਰ ਮਲੂਕਾ ਸਮੇਤ ਕਈ ਮਹਿਲਾ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਹਿਰਾਸਤ ਦੌਰਾਨ ਵੀ ਮਹਿਲਾਵਾਂ “ਵਾਅਦੇ ਪੂਰੇ ਕਰੋ” ਦੇ ਨਾਅਰੇ ਲਾਉਂਦੀਆਂ ਰਹੀਆਂ।

