ਨਵੀਂ ਦਿੱਲੀ :- ਦਿੱਲੀ ਕ੍ਰਾਈਮ ਬ੍ਰਾਂਚ ਨੇ ਇਕ ਅੰਤਰਰਾਸ਼ਟਰੀ ਹਥਿਆਰ ਤਸਕਰ ਗਿਰੋਹ ਦਾ ਭੰਡਾਫੋੜ ਕਰਦਿਆਂ ਪਾਕਿਸਤਾਨ ਤੋਂ ਭਾਰਤ ਭੇਜੇ ਗਏ ਉੱਚ ਪੱਧਰੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਹਥਿਆਰ ਪਾਕਿਸਤਾਨੀ ਆਈ.ਐੱਸ.ਆਈ. ਦੀ ਮਦਦ ਨਾਲ ਡਰੋਨ ਰਾਹੀਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸੁੱਟੇ ਜਾ ਰਹੇ ਸਨ ਅਤੇ ਉਥੋਂ ਵੱਖ-ਵੱਖ ਗੈਂਗਾਂ ਤੱਕ ਪਹੁੰਚ ਰਹੇ ਸਨ।
ਚਾਰ ਤਸਕਰ ਗ੍ਰਿਫ਼ਤਾਰ, ਵਿਦੇਸ਼ੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ
ਪੁਲਿਸ ਨੇ ਗਿਰੋਹ ਦੇ ਚਾਰ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 10 ਉੱਚ ਗੁਣਵੱਤਾ ਵਾਲੇ ਵਿਦੇਸ਼ੀ ਪਿਸਤੌਲ ਅਤੇ 92 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦਿੱਲੀ ਪੁਲਿਸ ਮੁਤਾਬਕ, ਇਹ ਹਥਿਆਰ ਲਾਰੈਂਸ ਬਿਸ਼ਨੋਈ, ਬੰਬੀਹਾ, ਗੋਗੀ ਅਤੇ ਹਿਮਾਂਸ਼ੂ ਭਾਊ ਗੈਂਗ ਨੂੰ ਸਪਲਾਈ ਕੀਤੇ ਜਾਣੇ ਸਨ।
ਤੁਰਕੀ ਅਤੇ ਚੀਨ ਤੋਂ ਪਾਕਿਸਤਾਨ, ਫਿਰ ਭਾਰਤ – ਤਸਕਰੀ ਦਾ ਪੂਰਾ ਰੂਟ ਬੇਨਕਾਬ
ਤਫ਼ਤੀਸ਼ ਅਨੁਸਾਰ, ਗਿਰੋਹ ਤੁਰਕੀ ਅਤੇ ਚੀਨ ਵਿੱਚ ਬਣੇ ਪ੍ਰਿਸ਼ੀਜ਼ਨ ਪਿਸਤੌਲ ਨੂੰ ਪਹਿਲਾਂ ਪਾਕਿਸਤਾਨ ਭੇਜਦਾ ਸੀ, ਜਿਥੋਂ ਇਹ ਹਥਿਆਰ ਆਈ.ਐੱਸ.ਆਈ. ਦੇ ਨੈੱਟਵਰਕ ਰਾਹੀਂ ਭਾਰਤ ਵਿੱਚ ਤਸਕਰੀ ਕੀਤੇ ਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਗੈਂਗਸਟਰਾਂ ਨੂੰ ਲਗਾਤਾਰ ਸਪਲਾਈ ਕੀਤੀ ਜਾ ਰਹੀ ਸੀ।
ਸੁਰੱਖਿਆ ਏਜੰਸੀਆਂ ਉੱਚ ਚੌਕਸੀ ‘ਤੇ, ਸਰਹੱਦਾਂ ‘ਤੇ ਕੜੀ ਨਿਗਰਾਨੀ
ਦਿੱਲੀ ਧਮਾਕਿਆਂ ਤੋਂ ਬਾਅਦ ਸਾਰੇ ਸੁਰੱਖਿਆ ਤੰਤਰ ਉੱਚ ਅਲਰਟ ‘ਤੇ ਹਨ। ਜੰਮੂ–ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਆਪ੍ਰੇਸ਼ਨ ਚਲ ਰਹੇ ਹਨ। ਏਜੰਸੀਆਂ ਮੋਬਾਈਲ ਡਾਟਾ, ਬੈਂਕ ਲੈਣ-ਦੇਣ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਕਰ ਰਹੀਆਂ ਹਨ।
ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਤੇ ਵੱਡਾ ਝਟਕਾ
ਇਸ ਕਾਰਵਾਈ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਨਾ ਸਿਰਫ਼ ਨਸ਼ੇ, ਬਲਕਿ ਵੱਡੇ ਪੱਧਰ ‘ਤੇ ਹਥਿਆਰ ਭੇਜਣ ਦੀ ਸਾਜ਼ਿਸ਼ ਵਿੱਚ ਵੀ ਸ਼ਾਮਲ ਹੈ। ਦਿੱਲੀ ਪੁਲਿਸ ਦੀ ਇਸ ਕਾਰਵਾਈ ਨੇ ਇਸ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਕਈ ਸੁਰਾਗ ਸਾਹਮਣੇ ਲਿਆਏ ਹਨ।

