ਕੈਨੇਡਾ :- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਿੱਚ ਲੰਬਿਤ ਅਰਜ਼ੀਆਂ ਦਾ ਅੰਕੜਾ ਤੇਜ਼ੀ ਨਾਲ ਵੱਧਦਿਆਂ 9.59 ਲੱਖ ਤੱਕ ਪਹੁੰਚ ਗਿਆ ਹੈ। ਇਹ ਵਧਦਾ ਬੈਕਲਾਗ ਭਾਰਤੀ ਅਰਜ਼ੀਦਾਰਾਂ, ਖ਼ਾਸ ਕਰਕੇ ਪੰਜਾਬੀ ਕੌਮ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ, ਕਿਉਂਕਿ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਦਾ ਰੁਖ ਕਰਦੇ ਹਨ।
ਵਿਜ਼ਟਰ ਵੀਜ਼ਾ ਲਈ 100 ਦਿਨਾਂ ਦਾ ਇੰਤਜ਼ਾਰ
ਪਰਿਵਾਰਿਕ ਮੁਲਾਕਾਤਾਂ ਨੂੰ ਪ੍ਰਭਾਵਿਤ ਕਰਦੇ ਹੋਏ ਵਿਜ਼ਟਰ ਵੀਜ਼ਾ ਦੀ ਪ੍ਰਕਿਰਿਆ ਹੁਣ 100 ਦਿਨਾਂ ਤੱਕ ਖਿੱਚ ਗਈ ਹੈ। ਪੰਜਾਬ ਵਿੱਚ ਰਹਿੰਦੇ ਮਾਪੇ ਆਪਣੇ ਕੈਨੇਡਾ-ਵਸਦੇ ਬੱਚਿਆਂ ਨੂੰ ਮਿਲਣ ਲਈ ਮੁੜ–ਮੁੜ ਵੀਜ਼ਾ ਲਈ ਅਰਜ਼ੀ ਲਾਉਂਦੇ ਹਨ, ਪਰ ਵੱਧਦੇ ਬੋਝ ਕਾਰਨ ਉਡੀਕ ਸਮਾਂ ਲਗਾਤਾਰ ਵਧਦਾ ਜਾ ਰਿਹਾ ਹੈ।
ਸੁਪਰ ਵੀਜ਼ਾ ਅਤੇ ਫੈਮਿਲੀ ਕੈਟੇਗਰੀ ਵਿੱਚ ਭਾਰੀ ਦੇਰੀ
ਭਾਰਤੀ ਨਾਗਰਿਕਾਂ ਨੂੰ ਸੁਪਰ ਵੀਜ਼ਾ ਲਈ ਤਕਰੀਬਨ 169 ਦਿਨ ਉਡੀਕਣਾ ਪੈ ਰਿਹਾ ਹੈ।
-
ਮਾਤਾ–ਪਿਤਾ ਅਤੇ ਦਾਦਾ–ਦਾਦੀ ਸ਼੍ਰੇਣੀ ਵਿੱਚ ਉਡੀਕ ਸਮਾਂ 42 ਹਫ਼ਤੇ,
-
ਕਿਊਬੈਕ ‘ਚ ਇਹ ਸਮਾਂ 50 ਹਫ਼ਤੇ ਹੋ ਗਿਆ ਹੈ।
ਮਾਨਵਤਾਵਾਦੀ ਆਧਾਰ ‘ਤੇ ਸ਼ਰਣ ਲੈਣ ਵਾਲਿਆਂ ਦੀਆਂ ਅਰਜ਼ੀਆਂ 100 ਤੋਂ 106 ਮਹੀਨੇ ਲੰਬਿਤ ਪਈਆਂ ਹਨ, ਜੋ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੀ ਗੰਭੀਰ ਹਾਲਤ ਦਰਸਾਉਂਦਾ ਹੈ।
ਜੀਵਨ ਸਾਥੀ ਅਤੇ ਨਾਗਰਿਕਤਾ ਫਾਈਲਾਂ ਦੀ ਰਫ਼ਤਾਰ ਵੀ ਸੁਸਤ
ਕੈਨੇਡਾ ਵਿੱਚ ਲਗਭਗ 50,000 ਜੀਵਨ ਸਾਥੀ ਵੀਜ਼ਾ ਫਾਈਲਾਂ ਦੀ ਪ੍ਰਕਿਰਿਆ ਅਟਕੀ ਹੋਈ ਹੈ। ਨਾਗਰਿਕਤਾ ਦੇ 2.59 ਲੱਖ ਮਾਮਲੇ ਲੰਬਿਤ ਹਨ, ਜਿਨ੍ਹਾਂ ਵਿੱਚੋਂ 80% ਨੂੰ ਨਿਰਧਾਰਤ ਅਵਧੀ ਵਿੱਚ ਨਿਪਟਾਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ।
ਵਿਜ਼ਟਰ ਵੀਜ਼ਾ ਦੀ ਮਿਆਦ ਘਟਾਈ, ਸਿੰਗਲ-ਐਂਟਰੀ ਵਧੇ
ਕੈਨੇਡੀਅਨ ਸਰਕਾਰ ਨੇ ਵਿਜ਼ਟਰ ਵੀਜ਼ਾ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਭਾਰਤੀਆਂ ਨੂੰ ਮਿਲਦਾ 10 ਸਾਲਾਂ ਦਾ ਮਲਟੀਪਲ-ਐਂਟਰੀ ਵੀਜ਼ਾ ਹੁਣ ਘਟਾ ਕੇ 3.5 ਸਾਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮਲਟੀਪਲ-ਐਂਟਰੀ ਵੀਜ਼ਾ ਕ੍ਰੀਬ–ਕ੍ਰੀਬ ਬੰਦ ਕਰ ਦਿੱਤਾ ਗਿਆ ਹੈ ਅਤੇ ਜ਼ਿਆਦਾਤਰ ਅਰਜ਼ੀਦਾਰਾਂ ਨੂੰ ਸਿੰਗਲ ਐਂਟਰੀ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਰ ਬਾਰ ਯਾਤਰਾ ਤੋਂ ਬਾਅਦ ਮੁੜ ਨਵੀਂ ਅਰਜ਼ੀ ਦੇਣ ਦੀ ਲੋੜ ਪੈਂਦੀ ਹੈ।
ਪੰਜਾਬੀ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ
ਵੀਜ਼ਾ ਮਾਹਿਰ ਪੂਜਾ ਸਿੰਘ ਦਾ ਕਹਿਣਾ ਹੈ ਕਿ ਨਵੀਆਂ ਨੀਤੀਆਂ ਅਤੇ ਵਧਦੇ ਬੈਕਲਾਗ ਨੇ ਪੰਜਾਬੀ ਪਰਿਵਾਰਾਂ ਨੂੰ ਸਭ ਤੋਂ ਵੱਧ ਝਟਕਾ ਦਿੱਤਾ ਹੈ। ਪਰਵਾਸ ਦੀਆਂ ਯੋਜਨਾਵਾਂ ਨਾ ਸਿਰਫ਼ ਸਲੋ ਹੋ ਰਹੀਆਂ ਹਨ, ਸਗੋਂ ਪਰਿਵਾਰਕ ਮਿਲਣ–ਜੁਲਣ ਦੇ ਮੌਕੇ ਵੀ ਗੰਭੀਰ ਤੌਰ ‘ਤੇ ਘਟ ਗਏ ਹਨ।

